ਲਾਹੌਰ (ਪੀਟੀਆਈ) : ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਬੁੱਧਵਾਰ ਨੂੰ ਪਾਬੰਦੀਸ਼ੁਦਾ ਜਮਾਤ-ਉਲ-ਅਹਰਾਰ ਦੇ ਤਿੰਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਅਤੇ 300 ਸਾਲ ਕੈਦ ਦੀ ਸਜ਼ਾ ਸੁਣਾਈ। 2014 ਵਿਚ ਵਾਹਗਾ ਸਰਹੱਦ 'ਤੇ ਬੰਬ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਇਹ ਲੋਕ ਦੋਸ਼ੀ ਪਾਏ ਗਏ। ਹਮਲੇ ਵਿਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਵਾਹਗਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਦਾ ਇਕ ਪਿੰਡ ਹੈ ਅਤੇ ਅਟਾਰੀ ਭਾਰਤ ਦੇ ਪੰਜਾਬ ਵਿਚ ਸਥਿਤ ਹੈ। ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ 'ਤੇ 2 ਨਵੰਬਰ 2014 ਨੂੰ ਹੋਏ ਆਤਮਘਾਤੀ ਹਮਲੇ ਵਿਚ ਅੌਰਤਾਂ ਅਤੇ ਬੱਚਿਆਂ ਸਮੇਤ 60 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਜਥੇਬੰਦੀ ਜੁੰਡੁਲਾ ਅਤੇ ਤਹਿਰੀਕ-ਏ-ਤਾਲਿਬਾਨ ਨੇ ਵੱਖ-ਵੱਖ ਲਈ ਸੀ।

ਇਕ ਅਧਿਕਾਰੀ ਨੇ ਦੱਸਿਆ, 'ਲਾਹੌਰ 'ਚ ਅੱਤਵਾਦ ਰੋਕੂ ਅਦਾਲਤ ਵਿਚ ਤਿੰਨ ਸ਼ੱਕੀਆਂ ਹਸੀਬੁੱਲਾ, ਸਈਦ ਜਨ ਘਨਾ ਅਤੇ ਹੁਸੈਨੁਲਾ ਨੂੰ ਪੰਜ ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ 300 ਸਾਲ ਕੈਦ ਦੀ ਵੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਹੀ ਉਨ੍ਹਾਂ ਵਿਚੋਂ ਹਰੇਕ 'ਤੇ 10-10 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਅਦਾਲਤ ਨੇ ਤਿੰਨ ਹੋਰ ਸ਼ੱਕੀਆਂ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ। ਸੁਣਵਾਈ ਦੌਰਾਨ 100 ਤੋਂ ਜ਼ਿਆਦਾ ਗਵਾਹਾਂ ਨੇ ਮੁਲਜ਼ਮਾਂ ਖ਼ਿਲਾਫ਼ ਗਵਾਹੀ ਦਿੱਤੀ। ਮਾਮਲੇ ਦੀ ਸੁਣਵਾਈ ਪੰਜ ਸਾਲਾਂ ਤੋਂ ਜ਼ਿਆਦਾ ਸਮੇਂ ਤਕ ਚੱਲੀ। ਧਮਾਕੇ ਵਿਚ ਕਰੀਬ 15 ਤੋਂ 20 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ।