ਕਰਾਚੀ (ਪੀਟੀਆਈ) : ਪਾਕਿਸਤਾਨ ਵਿਚ ਹਿੰਦੂਆਂ ਨਾਲ ਹੋ ਰਹੇ ਅੱਤਿਆਚਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 15 ਸਾਲ ਦੀ ਇਕ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਨਾ ਸਿਰਫ਼ ਜਬਰੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਸਗੋਂ ਇਕ ਮੁਸਲਿਮ ਮਰਦ ਨਾਲ ਨਿਕਾਹ ਵੀ ਕਰਵਾ ਦਿੱਤਾ ਗਿਆ। ਅਦਾਲਤ ਦੇ ਆਦੇਸ਼ 'ਤੇ ਹੁਣ ਇਸ ਕੁੜੀ ਨੂੰ ਮਹਿਲਾ ਸੰਭਾਲ ਕੇਂਦਰ ਭੇਜ ਦਿੱਤਾ ਗਿਆ ਹੈ।

ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂੁਬੇ ਦੇ ਜਕੋਬਾਬਾਦ ਜ਼ਿਲ੍ਹੇ ਦੀ ਹੈ। ਨੌਵੀਂ ਦੀ ਵਿਦਿਆਰਥਣ ਮਹਿਕ ਕੁਮਾਰੀ ਨੂੰ ਅਲੀ ਰਜਾ ਨਾਂ ਦੇ ਇਕ ਵਿਅਕਤੀ ਨੇ 15 ਜਨਵਰੀ ਨੂੰ ਅਗਵਾ ਕਰ ਲਿਆ ਸੀ। ਮਹਿਕ ਦੇ ਪਿਤਾ ਵਿਜੇ ਕੁਮਾਰ ਨੇ ਐੱਫਆਈਆਰ ਵਿਚ ਕਿਹਾ ਸੀ ਕਿ ਅਲੀ ਨੇ ਅਗਵਾ ਕਰਨ ਪਿੱਛੋਂ ਉਨ੍ਹਾਂ ਦੀ ਬੇਟੀ ਨਾਲ ਜਬਰੀ ਨਿਕਾਹ ਕਰ ਲਿਆ। ਜ਼ਿਲ੍ਹੇ ਦੀ ਇਕ ਅਦਾਲਤ 'ਚ ਵੀਰਵਾਰ ਨੂੰ ਮਹਿਕ ਅਤੇ ਅਲੀ ਨੂੰ ਪੇਸ਼ ਕੀਤਾ ਗਿਆ ਜਿੱਥੋਂ ਮਹਿਕ ਨੂੰ ਮਹਿਲਾ ਸੰਭਾਲ ਕੇਂਦਰ ਭੇਜ ਦਿੱਤਾ ਗਿਆ। ਅਦਾਲਤ ਨੇ ਚੰਦਕਾ ਮੈਡੀਕਲ ਕਾਲਜ ਹਸਪਤਾਲ ਨੂੰ ਮਹਿਕ ਦੀ ਉਮਰ ਨੂੰ ਲੈ ਕੇ ਤਿੰਨ ਫਰਵਰੀ ਤਕ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।

'ਐਕਸਪ੍ਰੈੱਸ ਟਿ੍ਬਿਊਨ' ਅਖ਼ਬਾਰ ਅਨੁਸਾਰ ਸਿੰਧ ਸੂਬੇ ਦੇ ਘੱਟ ਗਿਣਤੀਆਂ ਮਾਮਲਿਆਂ ਦੇ ਮੰਤਰੀ ਹਰੀਰਾਮ ਕਿਸ਼ੋਰੀ ਲਾਲ ਨੇ ਮਹਿਕ ਦੇ ਪਰਿਵਾਰ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਨਾਬਾਲਗ ਹਿੰਦੂ ਕੁੜੀਆਂ ਦਾ ਜਬਰੀ ਧਰਮ ਪਰਿਵਰਤਨ ਆਮ ਗੱਲ ਹੋ ਗਈ ਹੈ। ਲਾਲ ਨੇ ਅਧਿਕਾਰੀਆਂ ਤੋਂ ਹਿੰਦੂ ਕੁੜੀਆਂ ਨਾਲ ਹੋ ਰਹੇ ਅਨਿਆਂ ਦੀ ਰੋਕਥਾਮ ਅਤੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ।

ਨਾਬਾਲਗ ਦਾ ਨਹੀਂ ਹੋ ਸਕਦਾ ਨਿਕਾਹ

ਲਾਲ ਨੇ ਦੱਸਿਆ ਕਿ ਪਾਕਿਸਤਾਨ ਦੇ ਬਾਲ ਵਿਆਹ ਰੋਕੂ ਕਾਨੂੰਨ ਤਹਿਤ ਮਹਿਕ ਦਾ 18 ਸਾਲ ਦੀ ਉਮਰ ਤੋਂ ਪਹਿਲਾਂ ਨਿਕਾਹ ਨਹੀਂ ਹੋ ਸਕਦਾ। ਇਸ ਕਾਨੂੰਨ ਤਹਿਤ ਮਹਿਕ ਦਾ ਨਿਕਾਹ ਇਕ ਅਪਰਾਧ ਹੈ।

Posted By: Rajnish Kaur