ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੇ ਇਕ ਸੇਵਾਮੁਕਤ ਫ਼ੌਜੀ ਅਧਿਕਾਰੀ ਨੇ ਹੀ ਆਪਣੇ ਦੇਸ਼ ਦੀ ਪੋਲ ਖੋਲ੍ਹ ਦਿੱਤੀ ਹੈ। 'ਰਾਈਡਰਸ ਇਨ ਕਸ਼ਮੀਰ' ਨਾਂ ਦੀ ਆਪਣੀ ਕਿਤਾਬ ਵਿਚ ਸੇਵਾਮੁਕਤ ਮੇਜਰ ਜਨਰਲ ਅਕਬਰ ਖ਼ਾਨ ਨੇ ਸਵੀਕਾਰ ਕੀਤਾ ਹੈ ਕਿ ਸੰਨ 1947 ਵਿਚ ਕਸ਼ਮੀਰ ਨੂੰ ਪਾਕਿਸਤਾਨ ਨਾਲ ਮਿਲਾ ਲੈਣ ਦੀ ਮਨਸ਼ਾ ਨਾਲ ਕਬਾਇਲੀਆਂ ਨਾਲ ਪਾਕਿਸਤਾਨੀ ਫ਼ੌਜ ਨੇ ਹਮਲਾ ਕੀਤਾ ਸੀ। ਪਾਕਿਸਤਾਨ ਪੂਰੇ ਕਸ਼ਮੀਰ 'ਤੇ ਹੀ ਕਬਜ਼ਾ ਕਰਨਾ ਚਾਹੁੰਦਾ ਸੀ ਪ੍ਰੰਤੂ ਭਾਰਤੀ ਫ਼ੌਜ ਦੇ ਉੱਥੇ ਆ ਜਾਣ ਨਾਲ ਉਸ ਦਾ ਮਨਸੂਬਾ ਪੂਰਾ ਨਹੀਂ ਹੋ ਸਕਿਆ ਸੀ।

ਅਕਬਰ ਖ਼ਾਨ ਨੇ 1947 ਵਿਚ ਕਸ਼ਮੀਰ ਵਿਚ ਹੋਈ ਜੰਗ ਵਿਚ ਪਾਕਿਸਤਾਨੀ ਫ਼ੌਜ ਲਈ ਵੱਡਾ ਯੋਗਦਾਨ ਦਿੱਤਾ ਸੀ। ਅਕਬਰ ਖ਼ਾਨ ਵੰਡ ਦੇ ਸਮੇਂ ਬਣੀ ਆਰਮਡ ਫੋਰਸ ਪਾਰਟੀਸ਼ਨ ਸਬ ਕਮੇਟੀ ਵਿਚ ਵੀ ਸਨ। ਅਕਬਰ ਖ਼ਾਨ ਨੇ ਲਿਖਿਆ ਹੈ ਕਿ ਸਤੰਬਰ 1947 ਵਿਚ ਉਹ ਪਾਕਿਸਤਾਨੀ ਫ਼ੌਜ ਦੇ ਹੈੱਡਕੁਆਰਟਰ ਵਿਚ ਹਥਿਆਰਾਂ ਅਤੇ ਉਪਕਰਣਾਂ ਦੇ ਵਿਭਾਗ ਦੇ ਡਾਇਰੈਕਟਰ ਸਨ। ਤਦ ਉਨ੍ਹਾਂ ਨੂੰ ਕਿਹਾ ਗਿਆ ਕਿ ਤਿਆਰੀ ਕਰੋ, ਅਸੀਂ ਕਸ਼ਮੀਰ 'ਤੇ ਕਬਜ਼ਾ ਕਰਨਾ ਹੈ। ਹਥਿਆਰਾਂ ਅਤੇ ਗੋਲ਼ਾ ਬਾਰੂਦ ਦੇ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਜੰਗ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰਨ ਦੀ ਸੀ। ਹਥਿਆਰਾਂ ਦੀ ਤਾਕਤ 'ਤੇ ਹੀ ਫ਼ੌਜ ਅਤੇ ਹੋਰ ਲੋਕਾਂ ਨੂੰ ਕਸ਼ਮੀਰ 'ਤੇ ਹਮਲਾ ਕਰਨਾ ਸੀ।

ਸਰਕਾਰ ਦਾ ਆਦੇਸ਼ ਮਿਲਣ ਪਿੱਛੋਂ ਇਟਲੀ ਤੋਂ ਹਥਿਆਰਾਂ ਅਤੇ ਗੋਲ਼ਾ ਬਾਰੂਦ ਦਾ ਬੰਦੋਬਸਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਸ਼ਮੀਰ ਵਿਚ ਮੌਜੂਦ ਪਾਕਿਸਤਾਨੀ ਏਜੰਟਾਂ ਨੂੰ ਭੇਜਿਆ ਗਿਆ। ਇਸ ਦਾ ਉਦੇਸ਼ ਇਹ ਸੀ ਕਿ ਜਿਸ ਸਮੇਂ ਪਾਕਿਸਤਾਨੀ ਫ਼ੌਜ ਅਤੇ ਕਬਾਇਲੀ ਕਸ਼ਮੀਰ 'ਤੇ ਹਮਲਾ ਕਰਨਗੇ ਉਸੇ ਸਮੇਂ ਕਸ਼ਮੀਰ ਦੇ ਅੰਦਰੂਨੀ ਇਲਾਕਿਆਂ ਵਿਚ ਮੌਜੂਦ ਏਜੰਟ ਉੱਥੇ ਹਿੰਸਾ ਫੈਲਾਉਣਗੇ। ਇਸ ਵਿਚ ਦੋ ਮੋਰਚਿਆਂ 'ਤੇ ਸੁਰੱਖਿਆ ਬਲ ਫੱਸ ਜਾਣਗੇ ਅਤੇ ਪਾਕਿਸਤਾਨ ਆਸਾਨੀ ਨਾਲ ਕਸ਼ਮੀਰ 'ਤੇ ਕਬਜ਼ਾ ਕਰ ਲਵੇਗਾ। ਇਸ ਕਾਰਵਾਈ ਨੂੰ ਆਪਰੇਸ਼ਨ ਗੁਲਮਰਗ ਦਾ ਨਾਂ ਦਿੱਤਾ ਗਿਆ ਸੀ ਪ੍ਰੰਤੂ ਪਾਕਿਸਤਾਨ ਨੂੰ ਇਹ ਪਤਾ ਨਹੀਂ ਚੱਲ ਸਕਿਆ ਸੀ ਕਿ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਨਾਲ ਹੱਥ ਮਿਲਾ ਲਿਆ ਹੈ ਅਤੇ ਉੱਥੋਂ ਮਦਦ ਮੰਗੀ ਹੈ। ਪਾਕਿਸਤਾਨ ਦਾ ਹਮਲਾ ਹੋਣ ਦੇ ਕੁਝ ਘੰਟਿਆਂ ਪਿੱਛੋਂ ਉੱਥੇ ਭਾਰਤੀ ਫ਼ੌਜ ਪੁੱਜ ਗਈ ਅਤੇ ਇਸ ਪਿੱਛੋਂ ਤਸਵੀਰ ਬਦਲ ਗਈ।