ਇੰਦਰਪ੍ਰੀਤ ਸਿੰਘ, ਕਰਤਾਰਪੁਰ ਸਾਹਿਬ (ਪਾਕਿਸਤਾਨ) : ਕਰਤਾਰਪੁਰ ਲਾਂਘੇ ਨੂੰ ਨਾਨਕ ਨਾਮਲੇਵਾ ਸੰਗਤ ਲਈ ਖੋਲ੍ਹਦੇ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦਾ ਰਾਗ ਅਲਾਪਦਿਆਂ ਕਿਹਾ, ਕਸ਼ਮੀਰ 'ਚ ਹੁਣ ਸਰਹੱਦ ਦੀ ਹੱਦਬੰਦੀ ਦਾ ਮੁੱਦਾ ਨਹੀਂ ਹੈ ਬਲਕਿ 80 ਲੱਖ ਕਸ਼ਮੀਰੀਆਂ ਦੇ ਹੱਕ ਤੇ ਅਧਿਕਾਰਾਂ ਦਾ ਮੁੱਦਾ ਹੈ, ਜਦੋਂ ਤਕ ਇਹ ਮਸਲਾ ਹੱਲ ਨਹੀਂ ਹੁੰਦਾ, ਇਸ ਇਲਾਕੇ 'ਚ ਖੁਸ਼ਹਾਲੀ ਨਹੀਂ ਆਵੇਗੀ। ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਿਹਾ ਕਿ ਕਸ਼ਮੀਰ ਦੀ ਆਰਜ਼ੀ ਹੱਦਬੰਦੀ ਵੀ ਖ਼ਤਮ ਕੀਤੀ ਜਾ ਸਕਦੀ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਦੇ ਬਾਅਦ ਹੁਣ ਇਸ ਸਰਹੱਦ ਨੂੰ ਵੀ ਖੋਲ੍ਹਣ ਦੀ ਮੰਗ ਇਮਰਾਨ ਖ਼ਾਨ ਕੋਲ ਰੱਖੀ।

ਇਮਰਾਨ ਖਾਨ ਅੱਜ ਕਰਤਾਰਪੁਰ ਸਾਹਿਬ 'ਚ ਲਾਂਘੇ ਨੂੰ ਖੋਲ੍ਹਣ ਦਾ ਆਗਾਜ਼ ਕਰ ਰਹੇ ਸਨ। ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਈ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਭਾਰਤ ਤੇ ਪਾਕਿ ਦੀਆਂ ਸਰਹੱਦਾਂ ਹੀ ਖੁੱਲ੍ਹ ਜਾਣ। ਦੋਵੇਂ ਦੇਸ਼ਾਂ ਦਰਮਿਆਨ ਵਪਾਰ ਵਧੇ ਤੇ ਜਲਾਲਤ ਖ਼ਤਮ ਹੋਵੇ। ਉਨ੍ਹਾਂ ਕਿਹਾ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਬਣੇ ਤੇ ਨਰਿੰਦਰ ਮੋਦੀ ਨਾਲ ਪਹਿਲੀ ਵਾਰੀ ਉਨ੍ਹਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਕਸ਼ਮੀਰ ਦਾ ਮਸਲਾ ਅਸੀਂ ਮਿਲ ਬੈਠ ਕੇ ਕਿਉਂ ਹੱਲ ਨਹੀਂ ਕਰ ਸਕਦੇ। ਸਾਡੇ ਪੀਰਾਂ ਪੈਗੰਬਰਾਂ ਨੇ ਕਦੇ ਵੰਡਣ ਦਾ ਕੰਮ ਨਹੀਂ ਕੀਤਾ। ਜਿਹੜਾ ਚੰਗਾ ਲੀਡਰ ਹੁੰਦਾ ਹੈ ਉਹ ਵੰਡਣ ਦੀ ਗੱਲ ਨਹੀਂ ਕਰਦਾ। ਨਫ਼ਰਤਾਂ ਫੈਲਾ ਕੇ ਵੋਟਾਂ ਲੈਣ ਵਾਲਾ ਚੰਗਾ ਲੀਡਰ ਨਹੀਂ ਹੋ ਸਕਦਾ।

ਇਮਰਾਨ ਨੇ ਕਿਹਾ ਕਿ ਕਸ਼ਮੀਰ 'ਚ ਅੱਜ ਹੱਦਬੰਦੀ ਦਾ ਮਸਲਾ ਨਹੀਂ ਹੈ ਬਲਕਿ 80 ਲੱਖ ਲੋਕਾਂ ਦੇ ਹੱਕ ਦਾ ਮਸਲਾ ਹੈ। ਉਨ੍ਹਾਂ ਦਾ ਮਸਲਾ ਹੱਲ ਕੀਤੇ ਬਿਨਾਂ ਅਮਨ ਨਹੀਂ ਹੋਵੇਗਾ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖਾਤਿਬ ਹੁੰਦਿਆਂ ਕਿਹਾ, ਇਨਸਾਫ਼ ਨਾਲ ਹੀ ਅਮਨ ਹੁੰਦਾ ਹੈ। 70 ਸਾਲਾਂ ਤੋਂ ਦੋਵੇਂ ਦੇਸ਼ ਨਫਰਤ ਦੀ ਲੜਾਈ ਲੜ ਰਹੇ ਹਨ। ਕੀ ਭਾਰਤ ਤੇ ਪਾਕਿਸਤਾਨ, ਫਰਾਂਸ ਤੇ ਜਰਮਨੀ ਵਾਂਗ ਲੜਾਈ ਖਤਮ ਕਰ ਕੇ ਆਪਣਾ ਵਪਾਰ ਨਹੀਂ ਵਧਾ ਸਕਦੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਪਾਰ ਚਾਰ ਕਿਲੋਮੀਟਰ ਦਾ ਰਸਤਾ ਤੈਅ ਕਰਨ 'ਚ 72 ਸਾਲ ਲੱਗ ਗਏ। ਜੇ ਉਹ ਇਸ ਤੋਂ ਪਹਿਲਾਂ ਆ ਜਾਂਦੇ ਤਾਂ ਦੋਵੇਂ ਦੇਸ਼ਾਂ ਦੇ ਹਾਲਤ ਕੁਝ ਹੋਰ ਹੁੰਦੇ। ਅਮਨ ਦੀ ਗੱਲ ਕਰਨ ਵਾਲੇ ਬਾਬਾ ਨਾਨਕ ਦੇ ਰਹਿੰਦਿਆਂ ਨਫਰਤ ਦੇ ਬੀਜ ਕੌਣ ਬੀਜ ਰਿਹਾ ਹੈ। ਇਹ ਵੀ ਆਪੋ-ਆਪਣੇ ਗਿਰੇਬਾਨਾਂ 'ਚ ਝਾਂਕਣ ਦੀ ਜ਼ਰੂਰਤ ਹੈ। ਇਸ ਮੌਕੇ ਡਾ. ਮਨਮੋਹਨ ਸਿੰਘ ਵੀ ਬੈਠੇ ਹੋਏ ਸਨ ਪਰ ਕੁਝ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਇਮਰਾਨ ਖ਼ਾਨ ਦੀ ਤਰੀਫ਼ ਕੀਤੀ ਹੈ। ਚੰਗਾ ਹੋਵੇ ਕਿ ਕਸ਼ਮੀਰ 'ਚ ਕਰਫਿਊ ਹਟਾ ਕੇ ਇਮਰਾਨ ਖਾਨ ਨੂੰ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨ ਦਾ ਮੌਕਾ ਦੇਣ।

ਕੈਪਟਨ ਨਹੀਂ ਰੁਕੇ ਸਮਾਗਮ 'ਚ

ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਆਏ। ਅਸਲ 'ਚ ਨਵਜੋਤ ਸਿੰਘ ਸਿੱਧੂ ਦਾ ਉੱਥੇ ਜਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਸੀ ਉਸ ਤੋਂ ਉਹ ਪਰੇਸ਼ਾਨ ਹੋ ਰਹੇ ਸਨ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਵੀ ਨਵਜੋਤ ਸਿੱਧੂ ਦੇ ਬੋਲਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਨਿਕਲ ਗਏ।