ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਏਜਾਜ਼ ਹਾਰੂਨ ਨੂੰ ਇਕ ਪਾਕਿਸਤਾਨੀ-ਅਮਰੀਕੀ ਨੂੰ ਨਾਜਾਇਜ਼ ਭਰਤੀ ਕਰ ਕੇ ਵੱਡਾ ਆਰਥਿਕ ਪੈਕੇਜ ਦੇਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਭਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਸੀ।

ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ਨਿਚਰਵਾਰ ਨੂੰ ਪੀਆਈਏ ਦੇ ਸਾਬਕਾ ਹਿਊਮਨ ਰਿਸੋਰਸ ਡਾਇਰੈਕਟਰ ਮੁਹੰਮਦ ਹਨੀਫ ਪਠਾਨ ਨੂੰ ਵੀ ਹਾਰੂਨ ਨਾਲ ਗਿ੍ਫ਼ਤਾਰ ਕੀਤਾ। ਇਸ ਬਾਰੇ ਪਾਕਿਸਤਾਨੀ ਅਖ਼ਬਾਰ 'ਡਾਨ' ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਡਿਪਟੀ ਡਾਇਰੈਕਟਰ ਅਬਦੁਰ ਰੌਫ ਸ਼ੇਖ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ। ਇਨ੍ਹਾਂ ਦੋਵਾਂ ਸਾਬਕਾ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਜਿਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਸਲੀਮ ਸਯਾਨੀ ਨੂੰ 2009 ਵਿਚ ਪੀਆਈਏ ਦਾ ਡਿਪਟੀ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਸੀ। ਇਸ ਮਾਮਲੇ ਵਿਚ ਸਯਾਨੀ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ। ਸਯਾਨੀ ਦੀ ਨਿਯੁਕਤੀ 20,000 ਅਮਰੀਕੀ ਡਾਲਰ ਦੀ ਮਹੀਨਾਵਾਰ ਤਨਖ਼ਾਹ ਤੇ ਹੋਰ ਭੱਤਿਆਂ ਨਾਲ ਕੀਤੀ ਗਈ ਸੀ ਜਿਸ ਕਾਰਨ ਪੀਆਈਏ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ।

ਸਯਾਨੀ ਦੀ ਤਨਖ਼ਾਹ ਤੇ ਹੋਰ ਭੱਤਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼ੇਖ ਨੇ ਦੱਸਿਆ ਕਿ ਵੱਡੀ ਤਨਖ਼ਾਹ ਤੇ ਹੋਰ ਭੱਤਿਆਂ ਤੋਂ ਇਲਾਵਾ ਉਹ ਤਿੰਨ ਮਹੀਨੇ ਤਕ ਪੰਜ ਤਾਰਾ ਹੋਟਲ ਵਿਚ ਰਹੇ ਤੇ ਉਨ੍ਹਾਂ ਦੇ ਪਰਿਵਾਰ ਦੇ ਦੁਬਈ ਵਿਚ ਰਹਿਣ ਦਾ ਸਾਰਾ ਖ਼ਰਚ ਵੀ ਪੀਆਈਏ ਨੇ ਚੁੱਕਿਆ। ਸਯਾਨੀ ਦੀ ਗ਼ੈਰ-ਕਾਨੂੰਨੀ ਨਿਯੁਕਤੀ ਨਾਲ ਪੀਆਈਏ ਨੂੰ ਦੋ ਸਾਲਾਂ ਵਿਚ 20 ਤੋਂ 25 ਕਰੋੜ ਦਾ ਨੁਕਸਾਨ ਉਠਾਉਣਾ ਪਿਆ। ਇਹ ਗਿ੍ਫ਼ਤਾਰੀਆਂ ਜਾਂਚ ਪੂਰੀ ਹੋਣ ਪਿੱਛੋਂ ਹੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਯਾਨੀ ਦੀ ਨਿਯੁਕਤੀ ਲਈ ਅਖ਼ਬਾਰਾਂ ਵਿਚ ਕੋਈ ਇਸ਼ਤਿਹਾਰ ਵੀ ਨਹੀਂ ਦਿੱਤਾ ਗਿਆ ਜੋਕਿ ਪੀਆਈਏ ਐਕਟ 1956 ਦੀ ਉਲੰਘਣਾ ਹੈ।