ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ 'ਚ ਸਰਕਾਰ ਵੱਲੋਂ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਨਾਲ ਗੱਲਬਾਤ ਦੇ ਕਦਮ ਤੋਂ ਪੁਲਿਸ ਮੁਲਾਜ਼ਮ ਨਾਖੁਸ਼ ਹਨ। ਉਹ ਇਸ ਨੂੰ ਪੁਲਿਸ ਬਲ ਨਾਲ ਸਰਕਾਰ ਦਾ ਵਿਸ਼ਵਾਸਘਾਤ ਮੰਨ ਰਹੇ ਹਨ ਕਿਉਂਕਿ ਇਹ ਉਸ ਪਾਬੰਦੀਸ਼ੁਦਾ ਅਤੇ ਹਿੰਸਕ ਸੰਗਠਨ ਨਾਲ ਗੱਲਬਾਤ ਹੈ ਜਿਸ ਨੇ ਕੁਝ ਦਿਨ ਪਹਿਲਾਂ ਹਮਲਾ ਕਰ ਕੇ ਪੁਲਿਸ ਅਫਸਰ ਨੂੰ ਥਾਣੇ ਤੋਂ ਅਗਵਾ ਕੀਤਾ। ਬਾਅਦ 'ਚ ਉਸ ਨੂੰ ਛੁਡਾਉਣ ਗਏ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕੀਤੀ, ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਉਨ੍ਹਾਂ 'ਤੇ ਅੱਤਿਆਚਾਰ ਕੀਤਾ ਅਤੇ ਕੁੱਟਮਾਰ ਕੀਤੀ। ਉਨ੍ਹਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ।

ਲਾਹੌਰ 'ਚ ਟਕਰਾਅ ਦੀ ਇਸ ਘਟਨਾ ਤੋਂ ਬਾਅਦ ਟੀਐੱਲਪੀ ਨੇ ਤਿੰਨ ਦਿਨ ਦਾ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ ਪੂਰੇ ਦੇਸ਼ 'ਚ ਸੈਂਕੜੇ ਪੁਲਿਸ ਮੁਲਾਜ਼ਮ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। ਅਰਬ ਨਿਊਜ਼ ਮੁਤਾਬਕ ਟੀਐੱਲਪੀ ਦੀ ਹਿੰਸਾ 'ਚ ਛੇ ਪੁਲਿਸ ਮੁਲਾਜ਼ਮ ਮਾਰੇ ਗਏ ਜਦੋਂਕਿ 800 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਪ੍ਰਦਰਸ਼ਨ ਦੌਰਾਨ ਵੱਖ-ਵੱਖ ਸ਼ਹਿਰਾਂ-ਕਸਬਿਆਂ 'ਚ ਕਈ ਪੁਲਿਸ ਵਾਹਨ ਸਾੜ ਦਿੱਤੇ ਗਏ। ਕਈ ਥਾਣਿਆਂ ਅਤੇ ਪੁਲਿਸ ਚੌਕੀਆਂ 'ਤੇ ਹਮਲੇ ਹੋਏ ਸਨ। ਹੁਣ ਸਰਕਾਰ ਟੀਐੱਲਪੀ ਨਾਲ ਗੱਲ ਕਰ ਕੇ ਸਮਝੌਤੇ ਦਾ ਰਸਤਾ ਲੱਭ ਰਹੀ ਹੈ। ਇਸ ਕਾਰਨ ਪੁਲਿਸ ਮੁਲਾਜ਼ਮਾਂ 'ਚ ਗੁੱਸਾ ਹੈ।

ਟੀਐੱਲਪੀ ਨਾਲ ਹਿੰਸਾ ਬੰਦ ਕਰ ਕੇ ਸ਼ਾਂਤੀ ਦੇ ਰਸਤੇ 'ਤੇ ਚੱਲਣ ਦੀ ਜਗ੍ਹਾ ਸਰਕਾਰ ਦੇ ਮੰਤਰੀ ਹਿੰਸਾ ਦੇ ਮਾਮਲਿਆਂ 'ਚ ਗਿ੍ਫ਼ਤਾਰ ਟੀਐੱਲਪੀ ਵਰਕਰਾਂ ਨੂੰ ਬਰੀ ਕੀਤੇ ਜਾਣ ਦੀ ਮੰਗ 'ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ਨੰੂ ਵਾਪਸ ਲੈਣ ਦਾ ਭਰੋਸਾ ਦੇ ਰਹੇ ਹਨ। ਫਰਾਂਸੀਸੀ ਰਾਜਦੂਤ ਨੂੰ ਦੇਸ਼ 'ਚੋਂ ਕੱਢੇ ਜਾਣ ਦੀ ਟੀਐੱਲਪੀ ਦੀ ਮੁੱਖ ਮੰਗ 'ਤੇ ਸਰਕਾਰ ਸੰਸਦ ਦਾ ਸੈਸ਼ਨ ਬੁਲਾਉਣ 'ਤੇ ਗੰਭੀਰ ਹੈ। ਇਸ ਸੈਸ਼ਨ 'ਚ ਰਾਜਦੂਤ ਨੁੂੰ ਵਾਪਸ ਭੇਜੇ ਜਾਣ ਦੇ ਮਤੇ 'ਤੇ ਵੋਟਿੰਗ ਹੋ ਸਕਦੀ ਹੈ। ਨਾਰਾਜ਼ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟੀਐੱਲਪੀ ਨਾਲ ਗੱਲਬਾਤ 'ਤੇ ਇਤਰਾਜ਼ ਨਹੀਂ ਪਰ ਪੁਲਿਸ ਮੁਲਾਜ਼ਮਾਂ ਦੀ ਹੱਤਿਆ, ਉਨ੍ਹਾਂ ਨੂੰ ਬੰਧਕ ਬਣਾ ਕੇ ਅੱਤਿਆਚਾਰ ਕਰਨ ਅਤੇ ਜ਼ਖ਼ਮੀ ਕਰਨ ਵਾਲਿਆਂ ਨੂੰ ਛੱਡਿਆ ਜਾਣਾ ਗਲਤ ਹੈ।

ਭਿ੍ਸ਼ਟਾਚਾਰ ਦੇ ਮਾਮਲੇ 'ਚ ਲਿਪਤ ਰਾਜਦੂਤ ਨੂੰ ਸਾਊਦੀ ਅਰਬ ਤੋਂ ਬੁਲਾਇਆ

ਪਾਕਿਸਤਾਨ ਨੇ ਸਾਊਦੀ ਅਰਬ 'ਚ ਤਾਇਨਾਤ ਆਪਣੇ ਰਾਜਦੂਤ ਅਤੇ ਛੇ ਅਧਿਕਾਰੀਆਂ ਨੂੰ ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਸ਼ਾਮਲ ਹੋਣ ਦੇ ਦੋਸ਼ਾਂ ਕਾਰਨ ਵਾਪਸ ਬੁਲਾਇਆ ਹੈ। ਉਨ੍ਹਾਂ 'ਤੇ ਹੱਜ ਕਰਨ ਅਤੇ ਵਪਾਰਕ ਯਾਤਰਾਵਾਂ 'ਤੇ ਗਏ ਪਾਕਿਸਤਾਨੀ ਨਾਗਰਿਕਾਂ ਤੋਂ ਰਿਸ਼ਵਤ ਲੈਣ ਵਰਗੇ ਗੰਭੀਰ ਦੋਸ਼ ਹਨ। ਵਿਦੇਸ਼ ਮੰਤਰਾਲੇ ਨੇ ਬਕਾਇਦਾ ਜਾਂਚ ਕਰਵਾ ਕੇ ਇਨ੍ਹਾਂ ਅਧਿਕਾਰੀਆਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ।