ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਵਿਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸੈਨੇਟ (ਉੱਚ ਸਦਨ) ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦੇ ਮੁੱਦੇ 'ਤੇ ਸਦਨ ਦਾ ਵਾਕਆਊਟ ਕਰ ਦਿੱਤਾ। ਸਰਕਾਰ ਤੋਂ ਵਿਰੋਧੀ ਮੈਂਬਰਾਂ ਨੇ ਇਸ ਮਾਮਲੇ ਵਿਚ ਜਦੋਂ ਸਵਾਲ ਪੁੱਛੇ ਤਾਂ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਿਆ। ਇਸ ਨੂੰ ਲੈ ਕੇ ਮੈਂਬਰ ਵਿਰੋਧ ਕਰਦੇ ਹੋਏ ਬਾਹਰ ਚਲੇ ਗਏ।

ਵਿਰੋਧੀ ਧਿਰ ਦੇ ਮੈਂਬਰਾਂ ਨੇ ਲੈਫਟੀਨੈਂਟ ਜਨਰਲ ਰਿਟਾਇਰਡ ਅਸਿਮ ਸਲੀਮ ਬਾਜਵਾ ਦੀ ਚੀਨੀ ਦੂਤ ਨਾਲ ਬੈਠਕ ਦਾ ਵੀ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸੀਪੀਈਸੀ ਦਾ ਕੋਈ ਚੇਅਰਮੈਨ ਨਹੀਂ ਹੈ ਅਤੇ ਇਸ ਦੇ ਬਿੱਲ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ ਤਾਂ ਅਜਿਹੀ ਬੈਠਕ ਦਾ ਕੀ ਮਤਲਬ ਹੈ। ਬਾਜਵਾ ਦਾ ਕਾਰਜਕਾਲ ਖ਼ਤਮ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਤਨਖ਼ਾਹ ਕਿਉਂ ਦਿੱਤੀ ਜਾ ਰਹੀ ਹੈ। ਵਿਰੋਧੀ ਸੈਨੇਟ ਮੈਂਬਰਾਂ ਦਾ ਕਹਿਣਾ ਹੈ ਕਿ ਬਾਜਵਾ ਵਿਵਾਦਤ ਚੇਅਰਮੈਨ ਰਹੇ ਹਨ। ਉਨ੍ਹਾਂ 'ਤੇ ਭਿ੍ਸ਼ਟਾਚਾਰ ਦੇ ਵੀ ਦੋਸ਼ ਹਨ। ਸਾਰੇ ਵਿਰੋਧੀ ਮੈਂਬਰਾਂ ਦੀ ਵੀ ਮੰਗ ਸੀ ਕਿ ਭਵਿੱਖ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਚੇਅਰਮੈਨ ਦੇ ਅਹੁਦੇ 'ਤੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਨਿਯੁਕਤ ਨਾ ਕੀਤਾ ਜਾਏ ਜਿਸ 'ਤੇ ਭਿ੍ਸ਼ਟਾਚਾਰ ਦੇ ਦੋਸ਼ ਹਨ।