ਏਜੰਸੀਆਂ, ਇਸਲਾਮਾਬਾਦ : ਪਾਕਿਸਤਾਨ ’ਚ ਇਮਰਾਨ ਖ਼ਾਨ ਸਰਕਾਰ ਅੱਜ ਨੈਸ਼ਨਲ ਅਸੈਂਬਲੀ ’ਚ ਵਿਸ਼ਵਾਸ ਦੀ ਵੋਟ ਪ੍ਰਸਤਾਵ ਪੇਸ਼ ਕਰਨ ਵਾਲੀ ਹੈ। ਇਸ ਦੌਰਾਨ ਵਿਰੋਧੀ ਧਿਰਾਂ ਨੇ ਸੰਸਦ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਸੀਨੇਟ ਦੀ ਚੋਣ ’ਚ ਵਿੱਤ ਮੰਤਰੀ ਅਬਦੁੱਲ ਹਫੀਜ਼ ਸ਼ੇਖ਼ ਨੂੰ ਹਾਰ ਤੋਂ ਫ਼ਜ਼ੀਹਤ ਝੱਲ ਰਹੀ ਇਮਰਾਨ ਸਰਕਾਰ ਨੂੰ ਵਿਰੋਧੀ ਧਿਰ ਦੇ ਇਸ ਫ਼ੈਸਲੇ ਤੋਂ ਕਾਫੀ ਰਾਹਤ ਮਿਲੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੀਨੇਟ ਚੋਣ ’ਚ ਉਨ੍ਹਾਂ ਦੇ ਉਮੀਦਵਾਰ ਦੀ ਜਿੱਤ ਹੀ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਸੀ। ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੇ ਮੁੱਖ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੋਈ ਮੈਂਬਰ ਨੈਸ਼ਨਲ ਅਸੈਂਬਲੀ ਦੀ ਬੈਠਕ ’ਚ ਹਿੱਸਾ ਨਹੀਂ ਲਵੇਗਾ। ਇਸਤੋਂ ਪਹਿਲਾਂ ਇਮਰਾਨ ਖ਼ਾਨ ਨੇ ਸੰਸਦ ’ਚ ਆਪਣੀ ਰਣਨੀਤੀ ਤੈਅ ਕਰਨ ਲਈ ਸ਼ੁੱਕਰਵਾਰ ਨੂੰ ਸਹਿਯੋਗੀ ਦਲਾਂ ਦੇ ਨਾਲ ਬੈਠਕ ਕੀਤੀ।

ਦੱਸਣਯੋਗ ਹੈ ਕਿ ਸੀਨੇਟ ਦੀ ਚੋਣ ’ਚ ਸੱਤਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਅਬਦੁੱਲ ਹਫ਼ੀਜ਼ ਸੇਖ਼ ਨੂੰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਹਰਾ ਦਿੱਤਾ। ਇਹ ਇਮਰਾਨ ਸਰਕਾਰ ਲਈ ਵੱਡਾ ਝਟਕਾ ਹੈ। ਇਮਰਾਨ ਖ਼ਾਨ ਨੇ ਖ਼ੁਦ ਸ਼ੇਖ਼ ਲਈ ਪ੍ਰਚਾਰ ਕੀਤਾ ਸੀ। ਗਿਲਾਨੀ ਦੀ ਜਿੱਤ ਨਾਲ ਉਤਸ਼ਾਹਿਤ ਵਿਰੋਧੀ ਦਲਾਂ ਨੇ ਇਮਰਾਨ ਦਾ ਤਿਆਗ-ਪੱਤਰ ਮੰਗਣਾ ਸ਼ੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ ’ਚ ਵਿਸ਼ਵਾਸ ਦੀ ਵੋਟ ਹਾਸਿਲ ਕਰਨ ਦਾ ਐਲਾਨ ਕਰ ਦਿੱਤਾ।

ਇਸ ਦੌਰਾਨ, ਵਿਰੋਧੀ ਧਿਰ ਦੀ ਨੇਤਾ ਮਰਿਅਮ ਨਿਵਾਜ਼ ਨੇ ਕਿਹਾ ਕਿ ਦੇਸ਼ ਦੀ ਫ਼ੌਜੀ ਲੀਡਰਸ਼ਿਪ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਾਲ ਨਹੀਂ ਦਿਸਣਾ ਚਾਹੀਦਾ। ਇਸਲਾਮਾਬਾਦ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉੱਪ ਪ੍ਰਧਾਨ ਮਰਿਅਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਸਥਾਵਾਂ ਨੂੰ ਸਿਆਸਤ ’ਚ ਘਸੀਟ ਰਹੇ ਹਨ। ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ’ਚ ਇਮਰਾਨ ਨਾਲ ਮੁਲਾਕਾਤ ਕੀਤੀ ਸੀ। ਆਈਐੱਸਆਈ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਫ਼ੈਜ਼ ਹਾਮਿਦ ਵੀ ਇਸ ਦੌਰਾਨ ਮੌਜੂਦ ਸੀ।

Posted By: Ramanjit Kaur