ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੀ ਇਮਰਾਨ ਸਰਕਾਰ ਵੱਲੋਂ ਮਸਜਿਦਾਂ ਅਤੇ ਮਦਰੱਸਿਆਂ 'ਤੇ ਕੰਟਰੋਲ ਦੀ ਕੋਸ਼ਿਸ਼ ਦਾ ਮੌਲਵੀਆਂ ਅਤੇ ਕੱਟੜਪੰਥੀਆਂ ਨੇ ਵਿਰੋਧ ਕੀਤਾ ਹੈ। 'ਡਾਨ' ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ ਇੱਥੇ ਕਰਵਾਏ ਗਏ ਸੰਮੇਲਨ ਦੌਰਾਨ ਮੌਲਵੀਆਂ ਨੇ ਵਕਫ਼ ਅਮਲਾਕ ਐਕਟ-2020 ਦਾ ਵਿਰੋਧ ਕਰਨ ਦੀ ਧਮਕੀ ਦਿੱਤੀ। ਮੌਲਵੀਆਂ ਨੇ ਮਸਜਿਦਾਂ ਅਤੇ ਮਦਰੱਸਿਆਂ ਦੀ ਰੱਖਿਆ ਲਈ ਅੰਦੋਲਨ ਸ਼ੁਰੂ ਕਰਨ ਦੀ ਰਣਨੀਤੀ ਵੀ ਬਣਾਈ। ਇਸ ਤਹਿਤ ਰੈਲੀਆਂ ਕੀਤੀਆਂ ਜਾਣਗੀਆਂ।

ਮੌਲਾਨਾ ਜ਼ਹੂਰ ਅਹਿਮਦ ਅਲਵੀ ਨੇ ਕਿਹਾ ਕਿ ਸੰਮੇਲਨ ਵਿਚ ਪੰਜ ਵਿਚਾਰਧਾਰਾਵਾਂ ਦੇ ਕਰਤਾਧਰਤਾ, ਧਾਰਮਿਕ ਪਾਰਟੀਆਂ ਦੇ ਨੇਤਾ ਅਤੇ ਪੰਜ ਮਦਰੱਸਾ ਬੋਰਡਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਸਰਕਾਰ ਦੇ ਪ੍ਰਸਤਾਵਿਤ ਕਾਨੂੰਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਸਜਿਦਾਂ ਅਤੇ ਮਦਰੱਸੇ ਸੁਤੰਤਰ ਸਨ, ਸੁਤੰਤਰ ਹਨ ਅਤੇ ਸੁਤੰਤਰ ਰਹਿਣਗੇ। ਕਿਸੇ ਨੂੰ ਵੀ ਇਨ੍ਹਾਂ ਦੀ ਆਜ਼ਾਦੀ ਵਿਚ ਰੁਕਾਵਟ ਪਾਉਣ ਦਾ ਹੱਕ ਨਹੀਂ ਹੈ। ਅਸੀਂ ਪਹਿਲਾਂ ਵੀ ਹੋਣ ਵਾਲੀਆਂ ਅਜਿਹੀਆਂ ਸਾਜ਼ਿਸ਼ਾਂ ਦਾ ਵਿਰੋਧ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਨ੍ਹਾਂ ਦਾ ਵਿਰੋਧ ਕਰਾਂਗੇ। ਮਸਜਿਦਾਂ ਅਤੇ ਮਦਰੱਸਿਆਂ ਦੀ ਰੱਖਿਆ ਲਈ ਅੰਦੋਲਨ ਜਾਰੀ ਰਹੇਗਾ।

Posted By: Susheel Khanna