ਇਸਲਾਮਾਬਾਦ (ਆਈਏਐੱਨਐੱਸ) : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਾਲਤ ਵਿਗੜ ਗਈ ਹੈ। ਉਨ੍ਹਾਂ ਦੇ ਖ਼ੂਨ ਦੇ ਪਲੇਟਲੇਟਸ ਘੱਟ ਕੇ ਖ਼ਤਰਨਾਕ ਪੱਧਰ 'ਤੇ ਪਹੁੰਚ ਗਏ ਹਨ। ਸ਼ਰੀਫ ਦੇ ਬੇਟੇ ਹੁਸੈਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਅੱਬੂ ਨੂੰ ਜੇਲ੍ਹ ਵਿਚ ਜ਼ਹਿਰ ਦਿੱਤਾ ਜਾ ਰਿਹਾ ਹੈ। ਸ਼ਰੀਫ ਲਾਹੌਰ ਦੀ ਕੋਟਲਖਪਤ ਜੇਲ੍ਹ 'ਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਤਬੀਅਤ ਵਿਗੜਨ 'ਤੇ ਉਨ੍ਹਾਂ ਨੂੰ ਸੋਮਵਾਰ ਰਾਤ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।

ਡਾਨ ਅਖ਼ਬਾਰ ਅਨੁਸਾਰ, ਹੁਸੈਨ ਨੇ ਲੰਡਨ ਤੋਂ ਕੀਤੇ ਟਵੀਟ ਵਿਚ ਸ਼ਰੀਫ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਪ੍ਰਗਟਾਇਆ। ਹੁਸੈਨ ਨੇ ਕਿਹਾ, ਕਿਸੇ ਤਰ੍ਹਾਂ ਦੇ ਜ਼ਹਿਰ ਕਾਰਨ ਮੇਰੇ ਅੱਬੂ ਦੇ ਖ਼ੂਨ ਵਿਚ ਪਲੇਟਲੇਟਸ ਘੱਟ ਹੋਏ। ਜੇਕਰ ਉਨ੍ਹਾਂ ਨਾਲ ਕੁਝ ਹੋਇਆ ਤਾਂ ਤੁਸੀਂ ਜਾਣਦੇ ਹੋ ਕਿ ਇਸ ਲਈ ਕੌਣ ਜ਼ਿੰਮੇਦਾਰ ਹੋਵੇਗਾ? ਮੰਗਲਵਾਰ ਨੂੰ ਹੋਈ ਜਾਂਚ ਅਨੁਸਾਰ, ਸ਼ਰੀਫ ਦੇ ਖ਼ੂਨ ਵਿਚ ਪਲੇਟਲੇਟਸ ਮਹਿਜ਼ ਦੋ ਹਜ਼ਾਰ ਦੇ ਪੱਧਰ 'ਤੇ ਆ ਗਏ ਸਨ। ਸ਼ਰੀਫ ਦੀ ਸਿਹਤ 'ਤੇ ਨਜ਼ਰ ਰੱਖਣ ਲਈ ਗਠਿਤ ਛੇ ਮੈਂਬਰੀ ਮੈਡੀਕਲ ਬੋਰਡ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਬਚਾਉਣ ਲਈ ਉਨ੍ਹਾਂ ਨੂੰ ਤੁਰੰਤ ਪਲੇਟਲੇਟਸ ਚੜ੍ਹਾਏ ਗਏ, ਜਿਸ ਤੋਂ ਬਾਅਦ ਪਲੇਟਲੇਟਸ ਦੀ ਗਿਣਤੀ ਵੱਧ ਕੇ 18 ਹਜ਼ਾਰ ਹੋਈ। ਹੁਣ ਵੀ ਇਹ ਖ਼ਤਰਨਾਕ ਪੱਧਰ 'ਤੇ ਹਨ।


ਸਾਬਕਾ ਪੀਐੱਮ ਨੂੰ ਮਿਲੇ ਸ਼ਾਹਬਾਜ਼

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਮੰਗਲਵਾਰ ਨੂੰ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ ਨੂੰ ਮਿਲਣ ਹਸਪਤਾਲ ਪਹੁੰਚੇ। ਸ਼ਾਹਬਾਜ਼ ਨੇ ਬਾਅਦ ਵਿਚ ਟਵੀਟ ਕੀਤਾ, ਮੈਂ ਆਪਣੇ ਭਰਾ ਨੂੰ ਦੇਖਣ ਹਸਪਤਾਲ ਦੇਖਣ ਗਿਆ ਸੀ।

ਮੈਂ ਉਨ੍ਹਾਂ ਦੀ ਸਿਹਤ ਵਿਚ ਤੇਜ਼ੀ ਨਾਲ ਗਿਰਾਵਟ ਨੂੰ ਦੇਖ ਕੇ ਬੇਹਦ ਚਿੰਤਤ ਹਾਂ। ਸਰਕਾਰ ਆਪਣੀ ਉਦਾਸੀਨਤਾ ਛੱਡ ਉਨ੍ਹਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਲਵੇ। ਮੈਂ ਮੁਲਕ ਨੂੰ ਨਵਾਜ਼ ਸ਼ਰੀਫ ਦੀ ਸਿਹਤਯਾਬੀ ਲਈ ਦੂਆ ਕਰਨ ਦੀ ਅਪੀਲ ਕਰਦਾ ਹਾਂ।


ਜਾਂਚ ਦੀ ਉੱਠੀ ਮੰਗ

ਪਾਕਿਸਤਾਨ ਦੀ ਸੰਸਦ ਨੈਸ਼ਨਲ ਅਸੰਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਵਿਚ ਸ਼ਰੀਫ ਨੂੰ ਭਰਤੀ ਕਰਨ ਵਿਚ ਦੇਰੀ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਪਲੇਟਲੇਟਸ ਏਨੇ ਘੱਟ ਹੋ ਗਏ ਤਾਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਨ ਵਿਚ ਦੇਰੀ ਕਿਉਂ ਕੀਤੀ ਗਈ?

Posted By: Jagjit Singh