ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਡਨ ਦੇ ਇਕ ਰੈਸਤਰਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਨੇ ਉਨ੍ਹਾਂ ਦੀ ਬਿਮਾਰੀ 'ਤੇ ਸਵਾਲ ਚੁੱਕੇ ਹਨ।

ਭਿ੍ਸ਼ਟਾਚਾਰ ਮਾਮਲੇ 'ਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਸ਼ਰੀਫ਼ (69) ਬਿਮਾਰੀ ਕਾਰਨ ਜ਼ਮਾਨਤ ਮਿਲਣ 'ਤੇ ਇਲਾਜ ਲਈ ਨਵੰਬਰ 2019 'ਚ ਵਿਸ਼ੇਸ਼ ਹਵਾਈ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਸਨ। ਪੀਐੱਮਐੱਲ-ਐੱਨ ਸੁਪਰੀਮੋ ਦਾ ਇਸ ਸਮੇਂ ਕਈ ਬਿਮਾਰੀਆਂ ਦਾ ਇਲਾਜ ਲੰਡਨ ਵਿਚ ਚੱਲ ਰਿਹਾ ਹੈ।

ਸੋਮਵਾਰ ਨੂੰ ਲੀਕ ਹੋਈ ਤਸਵੀਰ ਤੋਂ ਸ਼ਰੀਫ਼ ਦੀ ਸਿਹਤ ਠੀਕ ਲੱਗ ਰਹੀ ਹੈ ਤੇ ਉਹ ਆਪਣੇ ਪੁੱਤਰ ਹਸਨ, ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਸਲਮਾਨ ਤੇ ਸਾਬਕਾ ਵਿੱਤ ਮੰਤਰੀ ਇਸ਼ਾਕ ਡਾਰ ਨਾਲ ਬੈਠੇ ਹਨ। ਫੈਡਰਲ ਸਾਇੰਸ ਮੰਤਰੀ ਫਵਾਦ ਚੌਧਰੀ ਨੇ ਇਹ ਤਸਵੀਰ ਅਪਲੋਡ ਕਰ ਕੇ ਆਪਣੇ ਟਵਿੱਟਰ 'ਤੇ ਪਾਈ ਤੇ ਕੁਮੈਂਟ ਕੀਤਾ। ਉਨ੍ਹਾਂ ਆਪਣੇ ਕੁਮੈਂਟ ਵਿਚ ਕਿਹਾ ਲੰਡਨ ਦੇ ਆਈਸੀਯੂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਹਾਲਤ 'ਚ ਕਾਫ਼ੀ ਸੁਧਾਰ ਹੈ। 'ਡਾਨ' ਅਖ਼ਬਾਰ ਅਨੁਸਾਰ ਇਸ ਤਸਵੀਰ ਬਾਰੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ 'ਚ ਇਸਲਾਮਾਬਾਦ ਵਿਖੇ ਹੋਈ ਮੀਟਿੰਗ ਵਿਚ ਵੀ ਵਿਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਖ਼ਾਨ ਨੇ ਕਿਹਾ ਕਿ ਇਕ ਮਰੀਜ਼ ਨੂੰ ਇਲਾਜ ਲਈ ਵਿਦੇਸ਼ ਭੇਜਣ ਸਮੇਂ ਡਾਕਟਰ ਇਹ ਕਹਿ ਰਹੇ ਸਨ ਕਿ ਉਸ ਦੀ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ ਪ੍ਰੰਤੂ ਹੁਣ ਉਹ ਮਰੀਜ਼ ਬਿਲਕੁਲ ਠੀਕਠਾਕ ਲੱਗ ਰਿਹਾ ਹੈ। ਇਸ ਤਸਵੀਰ ਨਾਲ ਨਵਾਜ਼ ਸ਼ਰੀਫ਼ ਨੂੰ ਜ਼ਮਾਨਤ ਲਈ ਹੋਰ ਸਮਾਂ ਮਿਲਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।