ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਲ-ਅਜ਼ੀਜ਼ੀਆ ਭਿ੍ਸ਼ਟਾਚਾਰ ਤੇ ਮਨੀ ਲਾਂਡਰਿੰਗ ਮਾਮਲੇ 'ਚ ਜ਼ਮਾਨਤ ਜਾਂ ਸਜ਼ਾ ਮੁਲਤਵੀ ਕਰਨ ਦਾ ਵਿਰੋਧ ਕੀਤਾ ਹੈ। ਬਿਊਰੋ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਦਾਖ਼ਲ ਕੀਤੀ 12 ਸਿਫ਼ਆਂ ਦੀ ਰਿਪੋਰਟ ਵਿਚ ਇਹ ਵਿਰੋਧ ਪ੍ਰਗਟ ਕੀਤਾ ਹੈ। ਐੱਨਏਬੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਨਵਾਜ਼ ਸ਼ਰੀਫ਼ ਦੀ ਸਿਹਤ ਖ਼ਤਰੇ ਵਾਲੀ ਹਾਲਤ ਵਿਚ ਨਹੀਂ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਵਿਚ ਡਾਕਟਰਾਂ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਰੇਸ਼ਨ ਦੀ ਜ਼ਰੂਰਤ ਹੈ। ਅਦਾਲਤ ਨੇ ਮੈਡੀਕਲ ਹਿਸਟਰੀ ਵੇਖ ਕੇ ਹੀ ਨਵਾਜ਼ ਸ਼ਰੀਫ਼ ਨੂੰ ਸਜ਼ਾ ਸੁਣਾਈ ਸੀ। ਬਿਊਰੋ ਨੇ ਅਦਾਲਤ ਨੂੰ ਕਿਹਾ ਕਿ ਨਵਾਜ਼ ਸ਼ਰੀਫ਼ ਨੂੰ ਨਾ ਤਾਂ ਜ਼ਮਾਨਤ ਦਿੱਤੀ ਜਾਵੇ ਅਤੇ ਨਾ ਹੀ ਉਨ੍ਹਾਂ ਦੀ ਸਜ਼ਾ ਮੁਲਤਵੀ ਕੀਤੀ ਜਾਵੇ। ਇਸਲਾਮਾਬਾਦ ਹਾਈ ਕੋਰਟ ਵਿਚ ਇਸ ਮਾਮਲੇ 'ਤੇ 19 ਜੂਨ ਨੂੰ ਸੁਣਵਾਈ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਕੌਮੀ ਜਵਾਬਦੇਹੀ ਬਿਊਰੋ ਨੇ ਪਿਛਲੇ ਸਾਲ 24 ਦਸੰਬਰ ਨੂੰ ਅਲ-ਅਜ਼ੀਜ਼ੀਆ ਮਾਮਲੇ ਵਿਚ ਨਵਾਜ਼ ਸ਼ਰੀਫ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਸੀ ਤੇ ਨਾਲ ਹੀ 1.5 ਅਰਬ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ।

ਪਾਕਿ 'ਚ ਨਹੀਂ ਰੁਕ ਰਿਹਾ ਐੱਚਆਈਵੀ ਦਾ ਕਹਿਰ

ਪਾਕਿਸਤਾਨ 'ਚ ਐੱਚਆਈਵੀ ਪਾਜ਼ੀਟਿਵ ਦੇ ਪੀੜਤਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵੱਧਦੀ ਜਾ ਰਹੀ ਹੈ। ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ 'ਚ ਲਏ ਗਏ 2,500 ਖ਼ੂਨ ਦੇ ਨਮੂਨਿਆਂ ਦੀ ਜਾਂਚ 'ਚ 31 ਹੋਰ ਲੋਕ ਐੱਚਆਈਵੀ ਪਾਜ਼ੀਟਿਵ ਪਾਏ ਗਏ। ਪਿਛਲੇ ਮਹੀਨੇ ਲੜਕਾਨਾ ਜ਼ਿਲ੍ਹੇ ਦੇ ਰਾਤੋਡੇਰੋ ਇਲਾਕੇ ਵਿਚ 215 ਲੋਕ ਐੱਚਆਈਵੀ ਪਾਜ਼ੀਟਿਵ ਪਾਏ ਗਏ ਸਨ। ਨਵੇਂ ਮਿਲੇ ਐੱਚਆਈਵੀ ਪਾਜ਼ੀਟਿਵ ਲੋਕਾਂ ਦਾ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਸਹਾਇਤਾ ਨਾਲ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਿਕਾਰਪੁਰ ਦੇ ਦੱਖਣੀ ਖੇਤਰ ਵਿਚ ਵੀ 300 ਲੋਕਾਂ ਦੇ ਖ਼ੂਨ ਦੀ ਜਾਂਚ ਪਿੱਛੋਂ ਛੇ ਲੋਕ ਐੱਚਆਈਵੀ ਪਾਜ਼ੀਟਿਵ ਪਾਏ ਗਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਿੰਧ ਸੂਬੇ ਦੇ ਲੜਕਾਨਾ ਜ਼ਿਲ੍ਹੇ 'ਚ ਭਾਰੀ ਗਿਣਤੀ 'ਚ ਲੋਕਾਂ ਦੇ ਐੱਚਆਈਵੀ ਪੀੜਤ ਪਾਏ ਜਾਣ ਪਿੱਛੋਂ ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ ਤੋਂ ਮਦਦ ਮੰਗੀ ਸੀ। ਇਸ ਪਿੱਛੋਂ ਇਕ ਕੌਮਾਂਤਰੀ ਟੀਮ ਪਾਕਿਸਤਾਨ ਵਿਚ ਹੈ ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਕੇ ਐੱਚਆਈਵੀ ਪਾਜ਼ੀਟਿਵ ਲੋਕਾਂ ਦਾ ਇਲਾਜ ਕਰ ਰਹੀ ਹੈ। ਪਾਕਿਸਤਾਨ ਦੇ ਸਿਹਤ ਵਿਭਾਗ ਕੋਲ ਲੋੜੀਂਦੀਆਂ ਦਵਾਈਆਂ ਨਾ ਹੋਣ ਕਾਰਨ ਉਸ ਨੇ ਵਿਸ਼ਵ ਸਿਹਤ ਸੰਗਠਨ ਤੋਂ ਮਦਦ ਦੀ ਅਪੀਲ ਕੀਤੀ ਸੀ। ਐੱਚਆਈਵੀ ਰੋਗ ਦਾ ਪਤਾ 1980 'ਚ ਪਹਿਲੀ ਵਾਰ ਲੱਗਾ ਸੀ। ਇਸ ਵੇਲੇ ਵਿਸ਼ਵ 'ਚ 7.61 ਕਰੋੜ ਲੋਕ ਐੱਚਆਈਵੀ ਪਾਜ਼ੀਟਿਵ ਹਨ ਜਦਕਿ ਹੁਣ ਤਕ 3.5 ਕਰੋੜ ਲੋਕਾਂ ਦੀ ਇਸ ਰੋਗ ਨਾਲ ਮੌਤ ਹੋ ਚੁੱਕੀ ਹੈ।

ਸਰਕਾਰ ਨੇ ਪਾਰਲੀਮੈਂਟ ਦੀ ਮਨਜ਼ੂਰੀ ਬਿਨਾਂ 439 ਅਰਬ ਖ਼ਰਚੇ

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਸਰਕਾਰ ਨੇ ਪਾਰਲੀਮੈਂਟ ਦੀ ਮਨਜ਼ੂਰੀ ਲਏ ਬਿਨਾਂ 439 ਅਰਬ ਰੁਪਏ ਖ਼ਰਚ ਦਿੱਤੇ। ਇਸ ਕਰਕੇ ਸਰਕਾਰ ਨੂੰ ਵਿਕਾਸ ਬਜਟ ਵਿਚੋਂ 300 ਅਰਬ ਰੁਪਏ ਦੀ ਕਟੌਤੀ ਕਰਨੀ ਪਈ। ਇਸ ਤੋਂ ਇਲਾਵਾ 106 ਅਰਬ ਰੁਪਏ ਦਾ ਸਪਲੀਮੈਂਟਰੀ ਬਜਟ ਵੀ ਪਾਸ ਕਰਨਾ ਪਿਆ। ਸਰਕਾਰ ਨੇ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀਪੀਈਸੀ) ਲਈ 24 ਅਰਬ ਰੁਪਏ ਜਾਰੀ ਕੀਤੇ ਹਨ। ਪਿਛਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇ 599 ਅਰਬ ਦੀਆਂ ਸਪਲੀਮੈਂਟਰੀ ਗਰਾਂਟਾਂ ਰੱਖੀਆਂ ਸਨ ਜਦਕਿ ਇਸ ਵਾਰ ਇਹ ਘਟਾ ਕੇ 106 ਅਰਬ ਰੁਪਏ ਕੀਤੀਆਂ ਗਈਆਂ ਹਨ। ਇਮਰਾਨ ਖ਼ਾਨ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦਾ ਬਜਟ ਘਾਟਾ 1.9 ਖਰਬ ਰੁਪਏ ਰੱਖਿਆ ਹੈ ਜੋਕਿ ਜੀਡੀਪੀ ਦਾ 5.1 ਫ਼ੀਸਦੀ ਬਣਦਾ ਹੈ। ਸਰਕਾਰ ਨੇ 18 ਕਰੋੜ ਰੁਪਏ ਦਾ ਸਪਲੀਮੈਂਟਰੀ ਬਜਟ ਕਮਰਸ਼ੀਅਲ ਬੈਂਕਾਂ ਨੂੰ 'ਪਾਕਿਸਤਾਨ ਬਣਾਉ ਸਰਟੀਫਿਕੇਟ' ਦੇ ਪ੍ਰਚਾਰ ਲਈ ਦਿੱਤਾ ਪ੍ਰੰਤੂ ਪ੍ਰਧਾਨ ਮੰਤਰੀ ਦੇ ਪ੍ਰਚਾਰ ਦੇ ਬਾਵਜੂਦ ਇਹ ਸਕੀਮ ਫੇਲ੍ਹ ਹੋ ਗਈ ਸੀ।

ਕਰਾਚੀ 'ਚ ਬਿਜਲੀ, ਪਾਣੀ ਲਈ ਹਾਹਾਕਾਰ

ਪਾਕਿਸਤਾਨ ਦੇ ਤੱਟੀ ਸ਼ਹਿਰ ਕਰਾਚੀ ਦੇ ਲੋਕ 41 ਡਿਗਰੀ ਤਾਪਮਾਨ ਵਿਚ ਵੀ ਬਿਜਲੀ ਅਤੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸ਼ੁੱਕਰਵਾਰ ਨੂੰ ਸ਼ਹਿਰੀਆਂ ਨੂੰ ਤਪਦੀ ਗਰਮੀ ਵਿਚ 10 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸ਼ਹਿਰੀਆਂ ਨੂੰ ਪਾਣੀ ਤੇ ਗੈਸ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸਮੁੰਦਰ ਵੱਲੋਂ ਹਵਾਵਾਂ ਨਾ ਚੱਲਣ ਕਾਰਨ ਗਰਮੀ ਵਧੀ ਹੈ ਤੇ ਐਤਵਾਰ ਤਕ ਮੌਸਮ ਇਸੇ ਤਰ੍ਹਾਂ ਬਣੇ ਰਹਿਣ ਦੀ ਭਵਿੱਖਵਾਣੀ ਕੀਤੀ ਗਈ ਹੈ। ਧਾਬੇਜੀ ਵਾਟਰ ਪੰਪਿੰਗ ਸਟੇਸ਼ਨ ਵਿਚ ਨੁਕਸ ਪੈਣ ਕਾਰਨ ਪਾਣੀ ਦੀ ਸਪਲਾਈ ਵਿਚ ਭਾਰੀ ਵਿਘਨ ਪਿਆ ਹੈ। ਪਾਣੀ ਦੀ ਪਾਈਪਲਾਈਨ ਫਟਣ ਕਾਰਨ ਸ਼ਹਿਰ ਨੂੰ 100 ਮਿਲੀਅਨ ਗੈਲਨ ਪਾਣੀ ਦੀ ਘੱਟ ਸਪਲਾਈ ਹੋਈ। ਫੈਡਰਲ ਮੰਤਰੀ ਓਮਰ ਆਯੂਬ ਖ਼ਾਨ ਨੇ ਕਿਹਾ ਹੈ ਕਿ ਸ਼ਹਿਰ ਲਈ ਗੈਸ ਸਪਲਾਈ ਵਧਾ ਦਿੱਤੀ ਗਈ ਹੈ ਅਤੇ 150 ਮੈਗਾਵਾਟ ਵਾਧੂ ਬਿਜਲੀ ਦੇਣ ਦੇ ਆਦੇਸ਼ ਦਿੱਤੇ ਗਏ ਹਨ ਤਾਂਕਿ ਸ਼ਹਿਰੀਆਂ ਨੂੰ ਤਪਦੀ ਗਰਮੀ ਤੋਂ ਨਿਜਾਤ ਦਿਵਾਈ ਜਾ ਸਕੇ।