ਪਰਮਜੀਤ ਸਿੰਘ ਸਾਸਨ

ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ ਖ਼ਾਨ ਨੇ ਗਿਲਗਿਤ-ਬਾਲਤਿਸਤਾਨ ਦੇ ਡਾ. ਉਸਾਮਾ ਰਿਆਜ਼ ਨੂੰ ਨਿਸ਼ਾਨ-ਏ-ਕਸ਼ਮੀਰ ਐਵਾਰਡ ਦੇਣ ਦਾ ਐਲਾਨ ਕੀਤਾ ਹੈ ਜਿਸ ਦੀ ਮੌਤ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦਿਆਂ ਹੋ ਗਈ ਸੀ। ਰਾਜਾ ਫਾਰੂਕ ਨੇ ਕਿਹਾ ਕਿ ਡਾ. ਉਸਾਮਾ ਨੇ ਬਹਾਦਰੀ ਅਤੇ ਹੌਸਲੇ ਦੀ ਇਕ ਮਿਸਾਲ ਪੇਸ਼ ਕੀਤੀ ਹੈ। ਡਾਕਟਰ ਅਤੇ ਪੈਰਾਮੈਡੀਕਲ ਸਟਾਫ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕਰਦੇ ਹਾਂ। ਰਾਜਾ ਫਾਰੂਕ ਨੇ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਡਿਊਟੀ ਨਿਭਾ ਰਹੇ ਡਾਕਟਰਾਂ ਅਤੇ ਮੈਡੀਕਲ ਸਟਾਫ ਲਈ ਬੇਸਿਕ ਤਨਖ਼ਾਹ ਜਿੰਨਾ ਬੋਨਸ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਤਿੰਨ ਡਿਵੀਜ਼ਨਾਂ ਦੇ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਕਿ ਉਹ ਜਮ੍ਹਾਂਖੋਰੀ ਅਤੇ ਮੁਨਾਫ਼ਾਖੋਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਇਸ ਦੌਰਾਨ ਮੁਜ਼ੱਫਰਾਬਾਦ ਵਿਖੇ ਕੋਰੋਨਾ ਵਾਇਰਸ ਨੂੰ ਟੈਸਟ ਕਰਨ ਲਈ ਲੈਬਾਰਟਰੀ ਚਾਲੂ ਕਰ ਦਿੱਤੀ ਗਈ ਹੈ ਤੇ ਮੀਰਪੁਰ ਦੀ ਲੈਬਾਰਟਰੀ ਨੂੰ ਅਪਗਰੇਡ ਕੀਤਾ ਗਿਆ ਹੈ। ਰਾਵਲਾਕੋਟ ਵਿਖੇ ਇਕ ਲੈਬਾਰਟਰੀ ਸਥਾਪਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਕੋਰੋਨਾ ਕਾਰਨ 20 ਹਜ਼ਾਰ ਕੈਦੀ ਹੋਣਗੇ ਰਿਹਾਅ

ਲਹਿੰਦੇ ਪੰਜਾਬ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਫ਼ੈਸਲਾ ਕੀਤਾ ਹੈ ਕਿ ਜੇਲ੍ਹਾਂ ਵਿਚ ਮੌਜੂਦ 46 ਹਜ਼ਾਰ ਕੈਦੀਆਂ ਵਿੱਚੋਂ 20 ਹਜ਼ਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇ। ਜੇਲ੍ਹਾਂ ਵਿਚ ਸਮਰੱਥਾ ਤੋਂ ਜ਼ਿਆਦਾ ਕੈਦੀ ਹੋਣ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ ਤਾਂਕਿ ਕੈਦੀਆਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ। ਵੱਖ-ਵੱਖ ਜੇਲ੍ਹਾਂ ਦੇ ਸੁਪਰਡੈਂਟਾਂ ਨੇ ਅਦਾਲਤਾਂ ਨਾਲ ਸੰਪਰਕ ਕਰ ਕੇ ਕੈਦੀਆਂ ਦੀਆਂ ਜ਼ਮਾਨਤਾਂ ਮਨਜ਼ੂਰ ਕਰਵਾਉਣ ਦੀ ਕਾਰਵਾਈ ਆਰੰਭੀ ਹੈ। ਇਨ੍ਹਾਂ ਕੈਦੀਆਂ ਵਿਚ ਸੱਤ ਸਾਲ ਤਕ ਦੀ ਸਜ਼ਾ ਵਾਲੇ ਕੈਦੀ ਸ਼ਾਮਲ ਹਨ। ਛੋਟੇ ਅਪਰਾਧਾਂ ਦੇ ਦੋਸ਼ੀਆਂ ਅਤੇ 60 ਸਾਲ ਤੋਂ ਉਪਰ ਦੇ ਕੈਦੀਆਂ ਦੀਆਂ ਜ਼ਮਾਨਤਾਂ ਲਈ ਅਦਾਲਤਾਂ ਵਿਚ ਅਰਜ਼ੀਆਂ ਲਗਾਈਆਂ ਗਈਆਂ ਹਨ। ਪਿਛਲੇ ਹਫ਼ਤੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਤਹਰ ਮਿਨਉੱਲਾ ਨੇ ਆਦੇਸ਼ ਦਿੱਤੇ ਸਨ ਕਿ ਛੋਟੇ ਅਪਰਾਧਾਂ ਵਾਲੇ ਕੈਦੀਆਂ ਦੀਆਂ ਜ਼ਮਾਨਤਾਂ ਦੇ ਪ੍ਰਬੰਧ ਕੀਤੇ ਜਾਣ ਤਾਂਕਿ ਜੇਲ੍ਹਾਂ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜ਼ਾ ਸ਼ਫਾਕਤ ਨੇ ਅਦਾਲਤ ਨੂੰ ਦੱਸਿਆ ਕਿ ਅਦਿਆਲਾ ਜੇਲ੍ਹ ਵਿਚ ਕੋਈ ਕੈਦੀ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹੈ।

ਲਾਕਡਾਊਨ ਦੌਰਾਨ ਟਾਂਗੇ ਵਾਲਿਆਂ ਦੀ ਚਾਂਦੀ

ਲਹਿੰਦੇ ਪੰਜਾਬ ਵਿਚ ਲਾਕਡਾਊਨ ਦੌਰਾਨ ਵਾਹਨਾਂ 'ਤੇ ਪਾਬੰਦੀ ਦੌਰਾਨ ਸਥਾਨਕ ਲੋਕ ਇਕ ਤੋਂ ਦੂਜੀ ਥਾਂ ਜਾਣ ਲਈ ਹੁਣ ਟਾਂਗਿਆਂ ਨੂੰ ਸਵਾਰੀ ਵਜੋਂ ਵਰਤ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਟਾਂਸਪੋਰਟ ਦੇ ਆਧੁਨਿਕ ਸਾਧਨਾਂ ਦੀ ਵਰਤੋਂ ਹੋਣ ਕਾਰਨ ਟਾਂਗੇ ਵਾਲਿਆਂ ਦਾ ਕੰਮਕਾਜ ਲਗਪਗ ਖ਼ਤਮ ਹੀ ਹੋ ਗਿਆ ਸੀ। ਹੁਣ ਜ਼ਰੂਰੀ ਸੇਵਾਵਾਂ ਤੇ ਐਮਰਜੈਂਸੀ ਕੰਮਾਂ ਲਈ ਲੋਕ ਟਾਂਗਿਆਂ ਦੀ ਵਰਤੋਂ ਕਰ ਰਹੇ ਹਨ। ਟਾਂਗਾ ਚਲਾਉਂਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਪਿਛਲੇ ਸਮੇਂ ਦੇ ਮੁਕਾਬਲੇ ਵਧਿਆ ਹੈ। ਟ੍ਰੈਫਿਕ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਲੋਕਾਂ ਵੱਲੋਂ ਮੋਟਰਸਾਈਕਲਾਂ, ਕਾਰਾਂ ਤੇ ਹੋਰ ਵਾਹਨਾਂ 'ਤੇ ਸਫ਼ਰ ਕਰਨ ਦੌਰਾਨ ਉਹ ਚਾਲਾਨ ਕੱਟ ਰਹੇ ਹਨ ਪ੍ਰੰਤੂ ਟਾਂਗੇ 'ਤੇ ਸਫ਼ਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ। ਅਸੀਂ ਟਾਂਗੇ ਵਾਲਿਆਂ ਨੂੰ ਰੋਕ ਕੇ ਚਿਤਾਵਨੀ ਦੇ ਕੇ ਛੱਡ ਦਿੰਦੇ ਹਾਂ ਕਿ ਉਹ ਲਾਕਡਾਊਨ ਦੌਰਾਨ ਭਵਿੱਖ ਵਿਚ ਸੜਕਾਂ 'ਤੇ ਨਾ ਚੱਲਣ।

ਪਾਕਿ 'ਚ ਪੈਟਰੋਲ 15 ਰੁਪਏ ਸਸਤਾ

ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਕਮੀ ਕਾਰਨ ਪਾਕਿਸਤਾਨ ਨੇ ਪੈਟਰੋਲ ਦੀਆਂ ਕੀਮਤਾਂ ਵਿਚ 15 ਰੁਪਏ ਪ੍ਰਤੀ ਲੀਟਰ ਦੀ ਕਮੀ ਕਰ ਦਿੱਤੀ ਹੈ। ਇਸ ਨਾਲ ਪਾਕਿਸਤਾਨ ਦੇ ਖ਼ਜ਼ਾਨੇ 'ਤੇ 70 ਅਰਬ ਰੁਪਏ ਦਾ ਅਸਰ ਪਵੇਗਾ। ਵਿੱਤ ਮੰਤਰਾਲੇ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਕਾਰਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੈਟਰੋਲ ਦੀਆਂ ਕੀਮਤਾਂ ਵਿਚ 15 ਰੁਪਏ ਦੀ ਕਮੀ ਕੀਤੀ ਹੈ। ਇਹ ਕਮੀ ਹਾਈ ਸਪੀਡ ਡੀਜ਼ਲ, ਮਿੱਟੀ ਦੇ ਤੇਲ ਅਤੇ ਲਾਈਟ ਡੀਜ਼ਲ ਆਇਲ 'ਤੇ ਵੀ ਲਾਗੂ ਹੋਵੇਗੀ। ਕੀਮਤਾਂ 'ਚ ਕਮੀ ਪਿੱਛੋਂ ਹੁਣ ਪੈਟਰੋਲ ਦੀ ਕੀਮਤ 96,60 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਪਹਿਲੇ ਇਹ 111.60 ਰੁਪਏ ਪ੍ਰਤੀ ਲੀਟਰ ਸੀ। ਹਾਈ ਸਪੀਡ ਡੀਜ਼ਲ ਦੀ ਕੀਮਤ 107.26 ਰੁਪਏ ਹੋ ਗਈ ਹੈ ਜਦਕਿ ਪਹਿਲੇ ਇਹ 122.26 ਰੁਪਏ ਪ੍ਰਤੀ ਲੀਟਰ ਸੀ। ਮਿੱਟੀ ਦੇ ਤੇਲ ਦੀ ਕੀਮਤ 77.45 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਪਹਿਲੇ ਇਹ 92.45 ਰੁਪਏ ਪ੍ਰਤੀ ਲੀਟਰ ਸੀ। ਲਾਈਟ ਡੀਜ਼ਲ ਆਇਲ ਦੀ ਕੀਮਤ ਹੁਣ 69.51 ਰੁਪਏ ਲੀਟਰ ਹੋ ਗਈ ਹੈ ਜਦਕਿ ਪਹਿਲੇ ਇਹ 84.51 ਰੁਪਏ ਪ੍ਰਤੀ ਲੀਟਰ ਸੀ। ਪੈਟਰੋਲ ਦੀ ਕੀਮਤ ਵਿਚ 13.5 ਫ਼ੀਸਦੀ ਦੀ ਕਮੀ ਹੋਈ ਹੈ ਜਦਕਿ ਹਾਈ ਸਪੀਡ ਡੀਜ਼ਲ ਦੀ ਕੀਮਤ 'ਚ 12.3 ਫ਼ੀਸਦੀ, ਕੱਚੇ ਤੇਲ ਦੀ ਕੀਮਤ 'ਚ 5.5 ਫ਼ੀਸਦੀ ਤੇ ਲਾਈਟ ਡੀਜ਼ਲ ਆਇਲ ਦੀ ਕੀਮਤ 'ਚ 17.82 ਫ਼ੀਸਦੀ ਦੀ ਕਮੀ ਹੋਈ ਹੈ।