ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਕਿਸੇ ਰਹੱਸਮਈ ਜ਼ਹਿਰੀਲੀ ਗੈਸ ਦੇ ਰਿਸਣ ਦੀ ਲਪੇਟ ਵਿਚ ਆਉਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਇਹ ਅਜੇ ਸਾਫ਼ ਨਹੀਂ ਹੋ ਸਕਿਆ ਕਿ ਇਹ ਕਿਸ ਤਰ੍ਹਾਂ ਦੀ ਗੈਸ ਸੀ ਅਤੇ ਅਤੇ ਇਸ ਦਾ ਰਿਸਾਅ ਕਿਵੇਂ ਹੋਇਆ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਰਾਚੀ ਦੇ ਕਮਿਸ਼ਨਰ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ।

'ਡਾਨ' ਅਖ਼ਬਾਰ 'ਚ ਮੰਗਲਵਾਰ ਨੂੰ ਛਪੀ ਖ਼ਬਰ ਅਨੁਸਾਰ ਕਰਾਚੀ ਦੇ ਕੇਮਰੀ ਇਲਾਕੇ ਵਿਚ ਗੈਸ ਰਿਸਾਅ ਕਾਰਨ ਕਈ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਆਉੱਦਦੀਨ ਹਸਪਤਾਲ ਦੇ ਬੁਲਾਰੇ ਅਮਰੀ ਸ਼ਹਿਜ਼ਾਦ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਨੌਂ ਲੋਕਾਂ ਦੀ ਮੌਤ ਹੋਈ ਜਦਕਿ ਪੁਲਿਸ ਅਨੁਸਾਰ ਦੋ ਮੌਤਾਂ ਕੁਟਿਆਨਾ ਹਸਪਤਾਲ ਵਿਚ ਹੋਈਆਂ। ਸ਼ਹਿਰ ਦੇ ਕਈ ਹਸਪਤਾਲਾਂ ਵਿਚ ਦਰਜਨਾਂ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਇਸ ਤੱਟੀ ਸ਼ਹਿਰ ਦੇ ਕਮਿਸ਼ਨਰ ਇਫਤਿਖਾਰ ਸ਼ਾਲਵਾਨੀ ਨੇ ਕਿਹਾ ਕਿ ਇਕ ਜਹਾਜ਼ ਤੋਂ ਸੋਇਆਬੀਨ ਜਾਂ ਇਸੇ ਤਰ੍ਹਾਂ ਦੇ ਪਦਾਰਥ ਕਾਰਨ ਜ਼ਹਿਰੀਲੀ ਗੈਸ ਦਾ ਰਿਸਾਅ ਹੋ ਸਕਦਾ ਹੈ। ਕਰਾਚੀ ਦੇ ਪੁਲਿਸ ਮੁਖੀ ਗ਼ੁਲਾਮ ਨਵੀ ਮੇਮਨ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।