ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੀ ਇਕ ਅਦਾਲਤ ਨੇ ਮੁਲਕ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਉੱਪਰ ਲਗਾਏ ਗਏ ਅੱਤਵਾਦ ਦੇ ਦੋਸ਼ਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸਾਬਕਾ ਫ਼ੌਜ ਮੁਖੀ ਨੇ ਇਸਦੇ ਨਾਲ ਹੀ ਉਨ੍ਹਾਂ 'ਤੇ ਚੱਲ ਰਹੇ ਕੇਸ ਨੂੰ ਅੱਤਵਾਦ ਰੋਕਥਾਮ ਅਦਾਲਤ ਤੋਂ ਸੈਸ਼ਨ ਕੋਰਟ 'ਚ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਪਰ ਇਸਲਾਮਾਬਾਦ ਹਾਈ ਕੋਰਟ ਦੀ ਬੈਂਚ ਨੇ ਉਨ੍ਹਾਂ ਦੀ ਇਹ ਮੰਗ ਵੀ ਖਾਰਜ ਕਰ ਦਿੱਤੀ।

ਡਾਨ ਅਖ਼ਬਾਰ ਮੁਤਾਬਕ, ਵਿਦੇਸ਼ 'ਚ ਰਹਿ ਰਹੇ 75 ਸਾਲਾ ਮੁਸ਼ੱਰਫ ਨੇ ਆਪਣੇ ਵਕੀਲ ਅਖ਼ਤਰ ਸ਼ਾਹ ਰਾਹੀਂ ਇਹ ਪਟੀਸ਼ਨ ਦਾਖ਼ਲ ਕੀਤੀ ਸੀ। ਪਰ ਕੇਸ ਦੀ ਸੁਣਵਾਈ ਦੌਰਾਨ ਅਖ਼ਤਰ ਸ਼ਾਹ ਦੀ ਲਗਾਤਾਰ ਗ਼ੈਰ ਮੌਜੂਦਗੀ ਕਾਰਨ ਬੈਂਚ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ। ਆਪਣੇ ਸ਼ਾਸਨਕਾਲ ਦੌਰਾਨ 3 ਨਵੰਬਰ, 2007 ਨੂੰ ਮੁਲਕ 'ਚ ਐਮਰਜੈਂਸੀ ਲਗਾਉਣ ਤੇ ਸਿਖ਼ਰਲੀਆਂ ਅਦਾਲਤਾਂ ਦੇ 60 ਜੱਜਾਂ ਨੂੰ ਹਿਰਾਸਤ 'ਚ ਲਏ ਜਾਣ ਕਾਰਨ ਮੁਸ਼ੱਰਫ ਖ਼ਿਲਾਫ਼ 2009 'ਚ ਇਹ ਕੇਸ ਦਰਜ ਕੀਤਾ ਗਿਆ ਸੀ। ਮਾਮਲੇ 'ਚ ਗਿ੍ਫ਼ਤਾਰੀ ਦੀ ਤਲਵਾਰ ਲਟਕਣ 'ਤੇ ਉਹ ਮਾਰਚ, 2016 'ਚ ਵਿਦੇਸ਼ ਭੱਜ ਗਏ ਸਨ। ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਕਰ ਦਿੱਤਾ ਸੀ।