ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਇਕ ਪ੍ਰਮੁੱਖ ਮੁਫ਼ਤੀ, ਉਸ ਦੇ ਪੁੱਤਰ ਅਤੇ ਸ਼ਾਗਿਰਦ ਦੀ ਅਣਪਛਾਤੇ ਹਮਲਵਾਰਾਂ ਨੇ ਇਸਲਾਮਾਬਾਦ ਦੇ ਬਾਹਰੀ ਖੇਤਰ ਵਿਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਮੁਫ਼ਤੀ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਜਮੀਅਤ ਉਲੇਮਾ ਏ ਇਸਲਾਮ-ਇਕ ਨਾਲ ਸਬੰਧ ਰੱਖਦੇ ਸਨ। ਪੁਲਿਸ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਦੇਰ ਰਾਤ ਭਾਰਾ ਕਾਹੂੁ ਖੇਤਰ ਵਿਚ ਹੋਈ ਜਦੋਂ ਮੁਫ਼ਤੀ ਇਕਰਾਮੁਰ ਰਹਿਮਾਨ ਉੱਥੋਂ ਆਪਣੀ ਕਾਰ ਵਿਚ ਜਾ ਰਹੇ ਸਨ। ਤਦ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ।

ਮੁਫ਼ਤੀ ਰਹਿਮਾਨ, ਉਨ੍ਹਾਂ ਦੇ 13 ਸਾਲਾਂ ਦੇ ਪੁੱਤਰ ਸਮੀਦਉੱਲ੍ਹਾ ਅਤੇ ਇਕ ਸ਼ਾਗਿਰਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਹਮਲਾਵਰਾਂ ਦੀ ਗਿਣਤੀ ਤਿੰਨ ਦੱਸੀ ਹੈ। ਮਿ੍ਤਕਾਂ ਦੇ ਸਰੀਰ ਵਿਚ ਕਈ ਗੋਲ਼ੀਆਂ ਲੱਗੀਆਂ ਹੋਈਆਂ ਸਨ। ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਵਿਰੋਧੀ ਪਾਰਟੀਆਂ ਨੇ ਰਾਜਧਾਨੀ 'ਚ ਹੋਈ ਘਟਨਾ ਪਿੱਛੋਂ ਪ੍ਰਧਾਨ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਫਜ਼ਲੁਰ ਰਹਿਮਾਨ ਨੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ। ਇਸ ਘਟਨਾ ਦੇ ਵਿਰੋਧ ਵਿਚ ਵਿਰੋਧੀ ਪਾਰਟੀਆਂ ਨੇ ਪ੍ਰਦਰਸ਼ਨ ਕਰ ਕੇ ਕਈ ਥਾਵਾਂ 'ਤੇ ਰਸਤੇ ਜਾਮ ਕਰ ਦਿੱਤੇ। ਪਾਕਿਸਤਾਨ ਵਿਚ ਪਿਛਲੇ ਦਿਨਾਂ ਵਿਚ ਹਿੰਸਾ ਦੀਆਂ ਘਟਨਾਵਾਂ ਵਿਚ ਤੇਜ਼ੀ ਆਈ ਹੈ।

Posted By: Sunil Thapa