ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ ਖ਼ਿਲਾਫ਼ ਸੱਤ ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਕੇਸ ਦਰਜ ਦਰਵਾਇਆ ਹੈ। ਸ਼ਾਹਬਾਜ਼ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਹਨ। ਉਹ ਸਾਲ 2008 ਤੋਂ 2018 ਤਕ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹੇ ਹਨ।

'ਡਾਨ' ਅਖ਼ਬਾਰ ਨੇ ਅੰਦਰੂਨੀ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਇਮਰਾਨ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਦੇ ਹਵਾਲੇ ਨਾਲ ਵੀਰਵਾਰ ਨੂੰ ਆਪਣੀ ਖ਼ਬਰ ਵਿਚ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਅਤੇ ਸਲਮਾਨ ਮਨੀ ਲਾਂਡਰਿੰਗ ਵਿਚ ਦੋਸ਼ੀ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰਾਂ ਖ਼ਿਲਾਫ਼ ਸੱਤ ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਕੇਸ ਦਾਇਰ ਕੀਤਾ ਹੈ। ਇਹ ਮਾਮਲਾ ਲਾਹੌਰ ਦੀ ਐੱਨਏਬੀ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ। ਸ਼ਹਿਜ਼ਾਦ ਨੇ ਦੱਸਿਆ ਕਿ 69 ਸਾਲਾਂ ਦੇ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਬੈਂਕ ਖਾਤਿਆਂ ਤੋਂ 177 ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਮਿਲਣ 'ਤੇ ਐੱਨਏਬੀ ਨੇ ਜਾਂਚ ਸ਼ੁਰੂ ਕੀਤੀ ਸੀ।