ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਵਿਚ ਹੋਈ ਸਿੱਖ ਹਕੀਮ ਦੀ ਹੱਤਿਆ ’ਚ ਪੁਲਿਸ ਨੇ 4,000 ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਹੱਤਿਆਰਿਆਂ ਤਕ ਪਹੁੰਚਣ ਲਈ ਸਾਰੇ ਸ਼ੱਕੀਆਂ ਦਾ ਮੋਬਾਈਲ ਡਾਟਾ ਖੰਗਾਲਿਆ ਜਾ ਰਿਹਾ ਹੈ।

ਪਿਸ਼ਾਵਰ ਦੇ ਚਾਰਸੱਦਾ ਰੋਡ ’ਤੇ ਧਰਮੰਦਰ ਫਾਰਮੇਸੀ ਦਾ ਸੰਚਾਲਨ ਕਰਨ ਵਾਲੇ ਸਤਨਾਮ ਸਿੰਘ (ਖ਼ਾਲਸਾ) ਯੂਨਾਨੀ ਵਿਧੀ ਨਾਲ ਇਲਾਜ ਕਰਦੇ ਸਨ। ਉਹ ਸਿੱਖ ਸਮਾਜ ਵਿਚ ਕਾਫ਼ੀ ਪ੍ਰਸਿੱਧ ਸਨ। 30 ਸਤੰਬਰ ਨੂੰ 45 ਸਾਲਾਂ ਦੇ ਸਤਨਾਮ ਸਿੰਘ ਦੀ ਕਲੀਨਿਕ ’ਚ ਹੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ-ਖੁਰਾਸਾਨ ਨੇ ਲਈ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ 15 ਅਧਿਕਾਰੀਆਂ ਦੀਆਂ ਚਾਰ ਟੀਮਾਂ ਹੱਤਿਆਕਾਂਡ ਦੀ ਜਾਂਚ ਵਿਚ ਜੁਟੀਆਂ ਹਨ। ਤਿੰਨ ਟੀਮਾਂ ਖ਼ੁਫ਼ੀਆ ਜਾਣਕਾਰੀ ਜੁਟਾਉਣ ਤੇ ਮੋਬਾਈਲ ਡਾਟਾ (ਸੂਚਨਾਵਾਂ ਤੇ ਅੰਕੜੇ) ਇਕੱਠੇ ਕਰਨ ਦੇ ਨਾਲ-ਨਾਲ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ, ਜਦਕਿ ਚੌਥੀ ਟੀਮ ਨੂੰ ਪਿਸ਼ਾਵਰ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸ਼ੱਕੀਆਂ ਦੀ ਗਿ੍ਰਫ਼ਤਾਰੀ ਵਿਚ ਲਾਇਆ ਗਿਆ ਹੈ।

Posted By: Jagjit Singh