ਪਰਮਜੀਤ ਸਿੰਘ ਸਾਸਨ

ਪਾਕਿਸਤਾਨ 'ਚ ਸਟੂਡੈਂਟ ਯੂਨੀਅਨਾਂ ਦੀ ਬਹਾਲੀ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਜਿਨ੍ਹਾਂ ਵਿਚ ਵਿਦਿਆਰਥੀ, ਮਨੁੱਖੀ ਅਧਿਕਾਰ ਵਰਕਰ ਤੇ ਉਨ੍ਹਾਂ ਦੇ ਸਮਰਥਕ ਸ਼ਾਮਲ ਹਨ, ਨੇ ਦੇਸ਼ ਭਰ ਵਿਚ ਮਾਰਚ ਕੱਢਿਆ। ਇਸ ਮਾਰਚ ਵਿਚ ਭਾਰੀ ਗਿਣਤੀ ਵਿਚ ਲੜਕੀਆਂ ਸ਼ਾਮਲ ਹੋਈਆਂ। ਪਾਕਿਸਤਾਨ ਵਿਚ 1984 ਤੋਂ ਸਟੂਡੈਂਟ ਯੂਨੀਅਨਾਂ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਮਾਰਚ ਬਾਰੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਟਵੀਟ ਰਾਹੀਂ ਦੱਸਿਆ ਕਿ ਸ਼ਾਂਤਮਈ ਤੇ ਲੋਕਤੰਤਿ੍ਕ ਤਰੀਕੇ ਨਾਲ ਕੱਢਿਆ ਇਹ ਮਾਰਚ ਕਾਫ਼ੀ ਪ੍ਰਭਾਵਸ਼ਾਲੀ ਰਿਹਾ। ਬਿਲਾਵਲ ਨੇ ਕਿਹਾ ਕਿ 1989 ਵਿਚ ਉਨ੍ਹਾਂ ਦੀ ਮਾਂ ਬੇਨਜ਼ੀਰ ਭੁੱਟੋ ਨੇ ਸਟੂਡੈਂਟ ਯੂਨੀਅਨਾਂ 'ਤੇ ਲੱਗੀ ਪਾਬੰਦੀ ਹਟਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਜਿਸ ਕਰ ਕੇ ਇਹ ਪਾਬੰਦੀ ਹਟਾਈ ਨਹੀਂ ਜਾ ਸਕੀ। ਬਿਲਾਵਲ ਭੁੱਟੋ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਟੂਡੈਂਟ ਯੂਨੀਅਨਾਂ ਦਾ ਸਮਰਥਨ ਕਰਦੀ ਹੈ। ਪਾਕਿਸਤਾਨ ਦੇ ਸਾਇੰਸ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਵੀ ਸਟੂਡੈਂਟ ਯੂਨੀਅਨਾਂ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ।

ਪੀਆਈਏ 'ਚ ਸੁਧਾਰਾਂ ਤੋਂ ਇਮਰਾਨ ਸੰਤੁਸ਼ਟ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਵਿਚ ਕੀਤੇ ਜਾ ਰਹੇ ਸੁਧਾਰਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਪੀਐੱਮ ਨੇ ਕਿਹਾ ਕਿ ਇਸ ਕੌਮੀ ਏਅਰਲਾਈਨ ਨੂੰ ਮੁੜ ਲੀਹਾਂ 'ਤੇ ਲਿਆਉਣਾ ਸਰਕਾਰ ਦੀ ਤਰਜੀਹ ਹੈ। ਪੀਆਈਏ 'ਚ ਸੁਧਾਰਾਂ ਬਾਰੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਮਰਾਨ ਨੇ ਕਿਹਾ ਕਿ ਪੀਆਈਏ ਵਿਚ ਸੁਧਾਰਾਂ ਨੇ ਨਾਲ-ਨਾਲ ਦੇਸ਼ ਦੇ ਹਵਾਈ ਅੱਡਿਆਂ ਦਾ ਵੀ ਨਵੀਨੀਕਰਨ ਕਰਨ ਦੀ ਲੋੜ ਹੈ। ਇਸ ਮੀਟਿੰਗ ਵਿਚ ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ, ਕੇਂਦਰੀ ਮੰਤਰੀ ਅਲੀ ਜ਼ੈਦੀ, ਯੋਜਨਾ ਮੰਤਰੀ ਅਸਦ ਓਮਰ, ਵਿੱਤ ਸਲਾਹਕਾਰ ਡਾ. ਹਫੀਜ਼ ਸ਼ੇਖ, ਸਪੈਸ਼ਲ ਸਹਾਇਕ ਨਦੀਮ ਬਾਬਰ ਅਤੇ ਜ਼ੁਲਫਿਕਾਰ ਬੁਖਾਰੀ, ਹਵਾਬਾਜ਼ੀ ਸਕੱਤਰ ਸ਼ਾਹਰੁਖ ਨੁਸਰਤ ਅਤੇ ਪੀਆਈਏ ਦੇ ਚੇਅਰਮੈਨ ਅਰਸ਼ਦ ਮਹਿਮੂਦ ਮਲਿਕ ਹਾਜ਼ਰ ਸਨ।

ਕਸ਼ਮੀਰ 'ਤੇ ਓਆਈਸੀ ਦੇ ਸਮਰਥਨ ਦਾ ਸਵਾਗਤ

ਪਾਕਿਸਤਾਨ ਨੇ ਓਆਈਸੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਸ਼ਮੀਰ ਬਾਰੇ ਦਿੱਤੇ ਸਮਰਥਨ ਦਾ ਸਵਾਗਤ ਕੀਤਾ ਹੈ। ਓਆਈਸੀ ਨੇ ਕਿਹਾ ਹੈ ਕਿ ਕਸ਼ਮੀਰੀਆਂ ਨੂੰ ਖ਼ੁਦਮੁਖਤਾਰੀ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਜੇਦਾਹ ਵਿਖੇ 25 ਤੋਂ 28 ਨਵੰਬਰ ਤਕ ਚੱਲੇ ਓਆਈਸੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸੰਮੇਲਨ ਵਿਚ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸੰਮੇਲਨ ਵਿਚ ਕਸ਼ਮੀਰੀਆਂ 'ਤੇ ਬਿਨਾਂ ਵਜ੍ਹਾ ਲਗਾਈਆਂ ਪਾਬੰਦੀਆਂ ਦੀ ਆਲੋਚਨਾ ਕੀਤੀ ਗਈ। ਸੰਮੇਲਨ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਅਨੁਸਾਰ ਕਸ਼ਮੀਰ ਦੇ ਲੋਕਾਂ ਨੂੰ ਖ਼ੁਦਮੁਖਤਾਰੀ ਦਾ ਅਧਿਕਾਰ ਦੇਣ 'ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਪਾਸ ਕੀਤੇ ਗਏ ਮਤੇ ਵਿਚ 5 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਕਸ਼ਮੀਰ ਬਾਰੇ ਚੁੱਕੇ ਕਦਮਾਂ ਨੂੰ ਗ਼ੈਰ-ਕਾਨੂੰਨੀ ਤੇ ਨਾਜਾਇਜ਼ ਦੱਸਿਆ ਗਿਆ। ਕਸ਼ਮੀਰ ਵਿਚ ਸਥਾਨਕ ਲੋਕਾਂ 'ਤੇ ਵਰਤੀ ਜਾ ਰਹੀ ਪੈਲੇਟ ਗੰਨ ਦੀ ਨਿੰਦਾ ਕੀਤੀ ਗਈ।

ਕਰਬਲਾ ਲਈ ਭੇਜੇ 50 ਹਜ਼ਾਰ ਪੌਦੇ

ਪਾਕਿਸਤਾਨ ਦੇ ਸੇਵਾਮੁਕਤ ਸਨਅਤਕਾਰ ਨੇ ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਲਈ ਸੜਕਾਂ ਕਿਨਾਰੇ ਲਗਾਉਣ ਵਾਸਤੇ 50 ਹਜ਼ਾਰ ਪੌਦੇ ਭੇਜੇ ਹਨ ਤਾਂਕਿ ਉੱਥੇ ਪਵਿੱਤਰ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੜਕਦੀ ਧੁੱਪ ਵਿਚ ਠੰਢੀ ਛਾਂ ਮਿਲ ਸਕੇ। 85 ਸਾਲਾ ਮੁਹੰਮਦੀ ਦਰਬਾਰ ਨੇ 50 ਹਜ਼ਾਰ ਪੌਦੇ ਭੇਜ ਕੇ ਕਿਹਾ ਹੈ ਕਿ ਇਹ ਪੌਦੇ ਇਰਾਕ ਦੇ ਨਜਫ ਸ਼ਹਿਰ ਤੋਂ ਕਰਬਲਾ ਦੇ ਰਸਤੇ 'ਤੇ ਲਗਾਏ ਜਾਣਗੇ। ਲੱਖਾਂ ਸ਼ਰਧਾਲੂ ਹਰ ਸਾਲ ਕਰਬਲਾ ਦੀ ਯਾਤਰਾ ਕਰਦੇ ਹਨ ਤੇ ਉਨ੍ਹਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਾਲ ਦਰਬਾਰ ਦੇ ਪੋਤਾ ਅਤੇ ਨੂੰਹ ਕਰਬਲਾ ਦੀ ਯਾਤਰਾ 'ਤੇ ਗਏ ਸਨ। ਦੇਸ਼ ਪਰਤਣ 'ਤੇ ਉਨ੍ਹਾਂ ਨੇ ਕਰਬਲਾ ਦੀ ਯਾਤਰਾ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਜਿਸ ਪਿੱਛੋਂ ਦਰਬਾਰ ਨੇ ਇਹ ਪੌਦੇ ਭੇਜਣ ਦਾ ਫ਼ੈਸਲਾ ਕੀਤਾ। ਦਰਬਾਰ ਨੇ ਇਰਾਕ ਸਰਕਾਰ ਤੋਂ ਇਜਾਜ਼ਤ ਲੈ ਕੇ ਇਹ ਪੌਦੇ ਭੇਜੇ ਹਨ।