ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਇਕ ਮਾਨਸਿਕ ਰੋਗੀ ਨੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿਚ ਉਹ ਖ਼ੁਦ ਵੀ ਪੁਲਿਸ ਦੀ ਗੋਲ਼ੀ ਨਾਲ ਮਾਰਿਆ ਗਿਆ। ਖ਼ੈਬਰ ਪਖਤੂਨਖਵਾ ਦੇ ਬਾਟਾਗ੍ਰਾਮ ਜ਼ਿਲ੍ਹੇ 'ਚ ਦੋਸ਼ੀ ਜਹਾਨਜ਼ੇਬ ਸੁਰਖੇਲੀ ਨੇ ਆਪਣੀਆਂ ਦੋ ਬੇਗਮਾਂ, ਇਕ ਧੀ, ਪੁੱਤਰ ਤੇ ਨੂੰਹ ਦੀ ਮਾਮੂਲੀ ਝਗੜੇ ਪਿੱਛੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਸੁਰਖੇਲੀ ਮਾਨਸਿਕ ਰੋਗੀ ਸੀ। ਐੱਸਐੱਚਓ ਨਿਸਾਰ ਅਹਿਮਦ ਨੇ ਦੱਸਿਆ ਕਿ ਸੁਰਖੇਲੀ ਨੇ ਆਪਣੇ ਗੁਆਂਢੀਆਂ ਨੂੰ ਵੀ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਘਰ 'ਚ ਨਾ ਆਉਣ। ਉਸ ਨੇ ਲਾਸ਼ਾਂ ਨੂੰ ਦਫਨਾਉਣ ਲਈ ਘਰ 'ਚ ਹੀ ਕਬਰਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਤਾਂ ਉਸ ਨੇ ਸੁਰਖੇਲੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪ੍ਰੰਤੂ ਉਸ ਨੇ ਪੁਲਿਸ 'ਤੇ ਹੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ 'ਚ ਉਹ ਮਾਰਿਆ ਗਿਆ।