ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ 'ਤੇ ਕਬਜ਼ਾ ਕਰਨ ਦੀ ਨੀਅਤ ਰੱਖਣ ਵਾਲੇ ਸੋਹੇਲ ਬੱਟ ਨੂੰ ਓਕਾਫ਼ ਬੋਰਡ ਦੇ ਸਕੱਤਰ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਸੋਹੇਲ ਵੱਲੋਂ ਸਿੱਖਾਂ ਨੂੰ ਉਲਟਾ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਪਾਕਿਸਤਾਨ ਅੰਦਰ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਮੌਜੂਦ ਹਨ ਜਿਨ੍ਹਾਂ ਨਾਲ ਪੂਰੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਵਿੱਚੋਂ ਹੀ ਇਕ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਵੀ ਹੈ। ਭਾਈ ਤਾਰੂ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ। ਇਸ ਸ਼ਹੀਦ ਦੇ ਅਸਥਾਨ ਨੂੰ ਕੁਝ ਲੋਕਾਂ ਵੱਲੋਂ ਆਪਣੇ ਕਬਜ਼ੇ ਵਿਚ ਲੈਣ ਦੀ ਕਾਰਵਾਈ ਨੂੰ ਵੇਖਦਿਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਸੀ। ਦੇਸ਼ ਤੇ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਰੋਸ ਨੂੰ ਦੇਖਦਿਆਂ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕਬਜ਼ਾ ਛੁਡਵਾਉਣ ਲਈ ਅਪੀਲ ਕੀਤੀ ਗਈ ਸੀ ਜਿਸ ਪਿੱਛੋਂ ਓਕਾਫ਼ ਬੋਰਡ ਨੂੰ ਇਸ ਵਿਚ ਦਖਲ ਦੇਣਾ ਪਿਆ। ਓਕਾਫ਼ ਬੋਰਡ ਦੇ ਸਕੱਤਰ ਨੇ ਡੀਆਈਜੀ ਨੂੰ 24 ਘੰਟਿਆਂ ਅੰਦਰ ਕਾਰਵਾਈ ਕਰਨ ਲਈ ਕਿਹਾ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸਬੰਧਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।