ਇਸਲਾਮਾਬਾਦ (ਆਈਏਐੱਨਐੱਸ) : ਲੰਡਨ ਬਿ੍ਜ 'ਤੇ ਪਿਛਲੇ ਹਫ਼ਤੇ ਚਾਕੂ ਨਾਲ ਹਮਲਾ ਕਰ ਕੇ ਦੋ ਲੋਕਾਂ ਦਾ ਕਤਲ ਕਰਨ ਦੇ ਦੋਸ਼ੀ ਉਸਮਾਨ ਖ਼ਾਨ (28) ਨੂੰ ਪਾਕਿਸਤਾਨ ਦੇ ਉੱਤਰੀ-ਪੱਛਮੀ ਇਲਾਕੇ ਵਿਚ ਸਥਿਤ ਉਸ ਦੇ ਜੱਦੀ ਪਿੰਡ ਕਜਲਾਨੀ ਵਿਚ ਸ਼ਨਿਚਰਵਾਰ ਨੂੰ ਦਫ਼ਨਾਇਆ ਗਿਆ। ਹਮਲੇ ਪਿੱਛੋਂ ਸਕਾਟਲੈਂਡ ਪੁਲਿਸ ਦੀ ਗੋਲ਼ੀ ਨਾਲ ਉਸਮਾਨ ਖ਼ਾਨ ਦੀ ਮੌਤ ਹੋ ਗਈ ਸੀ। ਉਸ ਦੀ ਲਾਸ਼ ਲੰਡਨ ਤੋਂ ਹਵਾਈ ਜਹਾਜ਼ ਰਾਹੀਂ ਸ਼ੁੱਕਰਵਾਰ ਨੂੰ ਪਾਕਿਸਤਾਨ ਲਿਆਂਦੀ ਗਈ। ਸਪੁਰਦ-ਏ-ਖ਼ਾਕ ਕਰਨ ਸਮੇਂ ਪਰਿਵਾਰਕ ਮੈਂਬਰਾਂ ਸਣੇ 300 ਦੇ ਲਗਪਗ ਲੋਕ ਮੌਜੂਦ ਸਨ।

ਅੰਤਿਮ ਰਸਮਾਂ ਸਮੇਂ ਉਸਮਾਨ ਖ਼ਾਨ ਦਾ ਪਿਤਾ ਤੇ ਰਿਸ਼ਤੇਦਾਰ ਰੋ ਰਹੇ ਸਨ। ਇਸ ਸਮੇਂ ਨਾ ਤਾਂ ਕੋਈ ਨਾਅਰਾ ਲਗਾਇਆ ਗਿਆ ਅਤੇ ਨਾ ਹੀ ਕਿਸੇ ਫੋਟੋਗ੍ਰਾਫਰ ਨੂੰ ਉੱਥੇ ਜਾਣ ਦਿੱਤਾ ਗਿਆ। ਇਸ ਮੌਕੇ ਦੇਹ 'ਤੇ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਸੁੱਟੀਆਂ ਗਈਆਂ ਸਨ ਜੋਕਿ ਆਮ ਰਵਾਇਤ ਹੈ। ਲੰਡਨ ਬਿ੍ਜ 'ਤੇ ਹਮਲੇ ਤੋਂ ਪਹਿਲੇ ਉਸਮਾਨ ਖ਼ਾਨ ਨੇ ਕੈਂਬਰਿਜ ਯੂਨੀਵਰਸਿਟੀ ਵਿਚ ਕੈਦੀਆਂ ਦੀ ਹਾਲਤ ਬਾਰੇ ਇਕ ਕਾਨਫਰੰਸ ਵਿਚ ਹਿੱਸਾ ਲਿਆ ਸੀ। ਇਸ ਪਿੱਛੋਂ ਉਸ ਨੇ ਲੰਡਨ ਬਿ੍ਜ 'ਤੇ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੀ ਉਸਮਾਨ ਖ਼ਾਨ ਨੂੰ ਅੱਤਵਾਦੀ ਸਰਗਰਮੀਆਂ ਕਾਰਨ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਦਸੰਬਰ, 2018 ਵਿਚ ਅੱਧੀ ਸਜ਼ਾ ਭੁਗਤਣ ਪਿੱਛੋਂ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲੰਡਨ ਬਿ੍ਜ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਨੇ ਲਈ ਸੀ।