ਜੇਐੱਨਐੱਨ, ਇਸਲਾਮਾਬਾਦ : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਗੱਲਬਾਤ ਹੋਈ ਹੈ। ਦੋਹਾਂ ਨੇਤਾਵਾਂ ਵਿਚਾਲੇ ਚਿੱਠੀਆਂ ਦੇ ਆਦਾਨ-ਪ੍ਰਦਾਨ ਰਾਹੀਂ ਗੱਲਬਾਤ ਹੋਈ। ਐਤਵਾਰ ਨੂੰ ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਦੀ ਇੱਛਾ ਪ੍ਰਗਟਾਈ ਗਈ ਹੈ।

ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਰਹੀ ਖ਼ਬਰ

ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਵਲਾਦੀਮੀਰ ਪੁਤਿਨ ਵਿਚਾਲੇ ਇਸ ਮਹੀਨੇ ਦੀ ਸ਼ੁਰੂਆਤ 'ਚ ਗੱਲਬਾਤ ਹੋਈ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਦੋਵਾਂ ਦੇਸ਼ਾਂ ਨੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਨ ਤੋਂ ਰੋਕਿਆ ਸੀ। ਮਕਸਦ ਸਾਫ਼ ਸੀ ਕਿ ਇਸ ਖ਼ਬਰ ਨੂੰ ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਜਾਵੇ।

ਅਖ਼ਬਾਰ ਨੇ ਵਿਦੇਸ਼ ਦਫਤਰ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਪੁਤਿਨ ਨੇ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਵਧਾਈ ਦਿੰਦੇ ਹੋਏ ਇਕ ਪੱਤਰ ਲਿਖਿਆ ਸੀ। ਪੁਤਿਨ ਨੇ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਬਿਹਤਰ ਬਣਾਉਣ ਦੀ ਇੱਛਾ ਵੀ ਪ੍ਰਗਟਾਈ। ਰੂਸ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਸ਼ਾਹਬਾਜ਼ ਸ਼ਰੀਫ ਨੇ ਅਫਗਾਨਿਸਤਾਨ ਦੇ ਮੁੱਦੇ 'ਤੇ ਰੂਸ ਨੂੰ ਸਹਿਯੋਗ ਦੇਣ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ 'ਤੇ ਵੀ ਆਪਣੀ ਇੱਛਾ ਜ਼ਾਹਰ ਕੀਤੀ।

ਰੂਸ ਦਾ ਦੌਰਾ ਇਮਰਾਨ ਨੂੰ ਪਿਆ ਹੈ ਮਹਿੰਗਾ

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਸੱਤਾ ਤਬਦੀਲੀ ਹੋਈ ਹੈ। ਰੂਸ ਅਤੇ ਯੂਕਰੇਨ ਯੁੱਧ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਇਨਰਾਨ ਖਾਨ ਦਾ ਰੂਸੀ ਦੌਰਾ ਵੀ ਸੱਤਾ ਪਰਿਵਰਤਨ ਪਿੱਛੇ ਇਕ ਅਹਿਮ ਕਾਰਨ ਹੈ। ਜਿਸ ਦਿਨ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਸੀ, ਉਸ ਦਿਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰੂਸ ਪਹੁੰਚੇ ਸਨ।

ਇਸ ਦੌਰੇ 'ਚ ਪੁਤਿਨ ਅਤੇ ਇਮਰਾਨ ਖਾਨ ਵਿਚਾਲੇ ਪ੍ਰਮੁੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਗੱਲਬਾਤ ਤੋਂ ਇਲਾਵਾ ਊਰਜਾ ਸਹਿਯੋਗ ਸਮੇਤ ਦੁਵੱਲੇ ਸਬੰਧਾਂ ਦੀ ਪੂਰੀ ਸ਼੍ਰੇਣੀ ਦੀ ਸਮੀਖਿਆ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਇਮਰਾਨ ਖਾਨ ਪਾਕਿਸਤਾਨ ਦੀ ਸੱਤਾ ਗੁਆ ਬੈਠੇ। ਇਮਰਾਨ ਖਾਨ ਨੇ ਸੱਤਾ ਦੇ ਇਸ ਬਦਲਾਅ ਲਈ ਕਿਤੇ ਨਾ ਕਿਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਾਹਿਰਾਂ ਮੁਤਾਬਕ ਅਮਰੀਕਾ ਨੂੰ ਇਮਰਾਨ ਖਾਨ ਦੀ ਰੂਸੀ ਨੀਤੀ ਪਸੰਦ ਨਹੀਂ ਆਈ, ਜਿਸ ਕਾਰਨ ਉਹ ਆਪਣੀ ਤਾਕਤ ਗੁਆ ਬੈਠਾ। ਹਾਲਾਂਕਿ ਅਮਰੀਕਾ ਨੇ ਹਮੇਸ਼ਾ ਦਾਅਵਾ ਕੀਤਾ ਹੈ ਕਿ ਪਾਕਿਸਤਾਨ 'ਚ ਸੱਤਾ ਪਰਿਵਰਤਨ ਪਿੱਛੇ ਉਸ ਦਾ ਕੋਈ ਹੱਥ ਨਹੀਂ ਹੈ। ਦੱਸ ਦੇਈਏ ਕਿ 1999 'ਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਰੂਸ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਇਮਰਾਨ ਖਾਨ 23 ਸਾਲ ਪ੍ਰਧਾਨ ਮੰਤਰੀ ਦੇ ਰੂਪ 'ਚ ਰੂਸ ਪਹੁੰਚੇ ਸਨ।

ਮਹੱਤਵਪੂਰਨ ਗੱਲ ਇਹ ਹੈ ਕਿ ਚਿੱਠੀਆਂ ਦੇ ਅਦਾਨ-ਪ੍ਰਦਾਨ ਤੋਂ ਪਹਿਲਾਂ 12 ਅਪ੍ਰੈਲ ਨੂੰ ਇਸਲਾਮਾਬਾਦ ਸਥਿਤ ਰੂਸੀ ਦੂਤਾਵਾਸ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਰਾਹੀਂ ਵਧਾਈ ਦਿੱਤੀ ਸੀ ਅਤੇ ਉਮੀਦ ਜਤਾਈ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ​​ਹੋਣਗੇ।

ਪਾਕਿਸਤਾਨ ਤੇ ਰੂਸ ਦੇ ਸਬੰਧ ਹੋ ਰਹੇ ਹਨ ਬਿਹਤਰ

ਦਰਅਸਲ, ਸ਼ੀਤ ਯੁੱਧ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਗਰਮਾਹਟ ਘੱਟ ਗਈ ਸੀ, ਜਿਸ ਕਾਰਨ ਪਾਕਿਸਤਾਨ ਨੇ ਰੂਸ ਅਤੇ ਚੀਨ ਨਾਲ ਬਿਹਤਰ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਪਿਛਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਅਤੇ ਰੂਸ ਦੇ ਸਬੰਧਾਂ ਵਿੱਚ ਸੁਧਾਰ ਹੋਇਆ ਹੈ। ਰੂਸ ਪਾਕਿਸਤਾਨ ਨੂੰ ਬਿਹਤਰ ਬਾਜ਼ਾਰ ਵਜੋਂ ਦੇਖ ਰਿਹਾ ਹੈ। ਰੂਸ ਵੀ ਪਾਕਿਸਤਾਨ ਨੂੰ ਹਥਿਆਰ ਵੇਚਣ ਲਈ ਤਿਆਰ ਹੈ। ਹਾਲਾਂਕਿ ਭਾਰਤ ਨੇ ਇਸ ਮਾਮਲੇ 'ਤੇ ਹਮੇਸ਼ਾ ਰੂਸ ਦਾ ਵਿਰੋਧ ਕੀਤਾ ਹੈ।

ਪਾਕਿਸਤਾਨ ਤੇ ਰੂਸ ਵਿਚਾਲੇ ਚੰਗੇ ਸਬੰਧਾਂ ਦੇ ਸੰਕੇਤ 2016 'ਚ ਵੀ ਦੇਖਣ ਨੂੰ ਮਿਲੇ ਸਨ, ਜਦੋਂ ਦੋਹਾਂ ਦੇਸ਼ਾਂ ਨੇ ਮਿਲ ਕੇ ਸਾਂਝੇ ਫ਼ੌਜੀ ਅਭਿਆਸ 'ਚ ਹਿੱਸਾ ਲਿਆ ਸੀ। ਦੋਵੇਂ ਦੇਸ਼ ਅਫਗਾਨਿਸਤਾਨ ਸਮੇਤ ਕਈ ਅੰਤਰਰਾਸ਼ਟਰੀ ਮੁੱਦਿਆਂ 'ਤੇ ਸਮਾਨ ਵਿਚਾਰ ਰੱਖਦੇ ਹਨ।

Posted By: Jaswinder Duhra