ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਮਲਬਾ ਇਕ ਬੱਸ 'ਤੇ ਜਾ ਡਿੱਗਾ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਇਹ ਮੰਦਭਾਗੀ ਬੱਸ ਰਾਵਲਪਿੰਡੀ ਤੋਂ ਸਕਾਰਦੂ ਜਾ ਰਹੀ ਸੀ ਕਿ ਰਸਤੇ ਵਿਚ ਢਿੱਗਾਂ ਡਿੱਗਣ ਕਾਰਨ ਇਹ ਬੱਸ ਡੂੰਘੀ ਖੱਡ 'ਚ ਜਾ ਡਿੱਗੀ। ਰੇਡੀਓ ਪਾਕਿਸਤਾਨ ਅਨੁਸਾਰ ਰੌਂਦੋ ਖੇਤਰ ਵਿਚ ਹੋਏ ਇਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਇਸ ਇਲਾਕੇ ਵਿਚ ਬਾਰਿਸ਼ਾਂ ਦੇ ਦਿਨਾਂ ਵਿਚ ਢਿੱਗਾਂ ਅਕਸਰ ਡਿੱਗਦੀਆਂ ਰਹਿੰਦੀਆਂ ਹਨ। ਇਹ ਇਲਾਕਾ ਆਪਣੀਆਂ ਖ਼ੂਬਸੂਰਤ ਵਾਦੀਆਂ ਅਤੇ ਮਾੜੀਆਂ ਸੜਕਾਂ ਲਈ ਜਾਣਿਆ ਜਾਂਦਾ ਹੈ। ਸੈਲਾਨੀ ਕੇਂਦਰ ਹੋਣ ਦੇ ਬਾਵਜੂਦ ਪਾਕਿਸਤਾਨ ਸਰਕਾਰ ਇਸ ਇਲਾਕੇ ਦੇ ਵਿਕਾਸ ਵੱਲ ਧਿਆਨ ਨਹੀਂ ਦੇ ਰਹੀ।