ਕਰਾਚੀ (ਏਐੱਨਆਈ) : ਪੁਲਿਸ ਦੇ ਮਾਮਲਿਆਂ ਵਿਚ ਫ਼ੌਜ ਦੇ ਦਖਲ ਪਿੱਛੋਂ ਪਾਕਿਸਤਾਨ ਵਿਚ ਹੁਣ ਗ੍ਰਹਿ ਯੁੱਧ ਦੇ ਹਾਲਾਤ ਬਣ ਗਏ ਹਨ। ਪੁਲਿਸ ਅਤੇ ਫ਼ੌਜ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਵਿਚਕਾਰ ਭਿਆਨਕ ਗੋਲ਼ੀਬਾਰੀ ਹੋ ਰਹੀ ਹੈ। ਫ਼ੌਜ ਤੇ ਪੁਲਿਸ ਵਿਚਕਾਰ ਸੰਘਰਸ਼ ਵਿਚ ਹੁਣ ਤਕ ਪੰਜ ਫ਼ੌਜੀਆਂ ਸਮੇਤ 10 ਦੀ ਮੌਤ ਹੋ ਗਈ ਹੈ। ਪੁਲਿਸ ਵਿਚ ਵਿਦਰੋਹ ਦੇ ਹਾਲਾਤ ਹੋ ਗਏ ਹਨ। ਪਾਕਿਸਤਾਨ ਦੇ ਮੁੱਖ ਧਾਰਾ ਦੇ ਮੀਡੀਆ ਨੇ ਗੰਭੀਰ ਹੁੰਦੇ ਹਾਲਾਤ ਨੂੰ ਜਨਤਾ ਤੋਂ ਲੁਕੋਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਸਿੰਧ ਦੀ ਪੁਲਿਸ ਅਤੇ ਪਾਕਿਸਤਾਨੀ ਫ਼ੌਜ ਵਿਚਕਾਰ ਗੋਲ਼ੀਬਾਰੀ ਦੌਰਾਨ ਫ਼ੌਜ ਨੇ ਪੁਲਿਸ ਦੇ ਆਈਜੀ ਆਫਤਾਬ ਅਨਵਰ ਨੂੰ ਹਿਰਾਸਤ ਵਿਚ ਲੈ ਲਿਆ।

ਫ਼ੌਜ ਅਤੇ ਪੁਲਿਸ ਵਿਚਕਾਰ ਮਾਮਲਾ ਉਸ ਸਮੇਂ ਤੂਲ ਫੜਿਆ ਜਦੋਂ 11 ਵਿਰੋਧੀ ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਨੇ ਕਰਾਚੀ ਵਿਚ ਇਕ ਵਿਸ਼ਾਲ ਰੈਲੀ ਕੀਤੀ। ਇਸ ਰੈਲੀ ਵਿਚ ਫ਼ੌਜ ਦੀ ਕਠਪੁਤਲੀ ਬਣੀ ਇਮਰਾਨ ਸਰਕਾਰ ਅਤੇ ਫ਼ੌਜ 'ਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਰੈਲੀ ਵਿਚ ਜ਼ਬਰਦਸਤ ਭੀੜ ਇਕੱਠੀ ਹੋਈ ਸੀ। ਲੰਡਨ ਤੋਂ ਵੀਡੀਓ ਲਿੰਕ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਸੰਬੋਧਨ ਕੀਤਾ। ਰੈਲੀ ਪਿੱਛੋਂ ਫ਼ੌਜ ਨੇ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਆਗੂ ਮਰੀਅਮ ਨਵਾਜ਼ ਦੇ ਪਤੀ ਸਫਦਰ ਅਵਾਨ ਨੂੰ ਹੋਟਲ ਤੋਂ ਗਿ੍ਫ਼ਤਾਰ ਕਰ ਲਿਆ।

ਪੀਐੱਮਐੱਲ-ਐੱਨ ਨੇਤਾਵਾਂ ਅਨੁਸਾਰ ਸਥਿਤੀ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਪਾਕਿਸਤਾਨੀ ਫ਼ੌਜ ਨੇ ਸਫਦਰ ਖ਼ਿਲਾਫ਼ ਐੱਫਆਈਆਰ ਅਤੇ ਗਿ੍ਫ਼ਤਾਰੀ ਦਾ ਦਬਾਅ ਬਣਾਇਆ ਅਤੇ ਸਿੰਧ ਸੂਬੇ ਦੇ ਆਈਜੀ ਪੁਲਿਸ ਮੁਸ਼ਤਾਕ ਮੇਹਰ ਦਾ ਅਗਵਾ ਕਰ ਲਿਆ। ਪੁਲਿਸ ਦੇ ਉੱਚ ਅਧਿਕਾਰੀ ਦਾ ਅਗਵਾ ਕੀਤੇ ਜਾਣ ਨਾਲ ਫ਼ੌਜ ਅਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ। ਇਹੀ ਮਾਮਲਾ ਹੁਣ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ। ਪੁਲਿਸ ਵਿਚ ਵਿਦਰੋਹ ਦੀ ਸਥਿਤੀ ਹੋ ਗਈ ਹੈ। ਸਿੰਧ ਸੂਬੇ ਦੇ ਸਾਰੇ ਵੱਡੇ ਪੁਲਿਸ ਅਧਿਕਾਰੀਆਂ ਨੇ ਛੁੱਟੀ ਦੀ ਅਰਜ਼ੀ ਦੇ ਦਿੱਤੀ ਹੈ। ਇਨ੍ਹਾਂ ਵਿਚ ਤਿੰਨ ਐਡੀਸ਼ਨਲ ਆਈਜੀ, 25 ਡੀਆਈਜੀ, 30 ਐੱਸਐੱਸਪੀ ਅਤੇ ਇਕ ਦਰਜਨ ਤੋਂ ਜ਼ਿਆਦਾ ਐੱਸਪੀ ਸ਼ਾਮਲ ਹਨ। ਫ਼ੌਜ ਨੂੰ ਲੈ ਕੇ ਪੁਲਿਸ ਦਾ ਵਿਰੋਧ ਹੁਣ ਹਰ ਪੱਧਰ 'ਤੇ ਸ਼ੁਰੂ ਹੋ ਗਿਆ ਹੈ।