ਵਾਸ਼ਿੰਗਟਨ (ਏਐੱਨਆਈ) : ਅਮਰੀਕਾ 'ਚ ਇਕ ਆਸਟ੍ਰੇਲੀਆਈ ਇਸਲਾਮੀ ਵਿਦਵਾਨ ਨੇ ਪਾਕਿਸਤਾਨ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਹੈ ਕਿ ਕਸ਼ਮੀਰ ਉਸ ਦਾ ਹਿੱਸਾ ਕਦੀ ਨਹੀਂ ਹੋਵੇਗਾ। ਖ਼ੁਦ ਨੂੰ ਸੁਧਾਰਵਾਦੀ ਇਮਾਮ ਦੱਸਣ ਵਾਲੇ ਇਮਾਮ ਮੁਹੰਮਦ ਤਾਵਹੀਦੀ ਨੇ ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35ਏ ਹਟਾਏ ਜਾਣ 'ਤੇ ਕਿਹਾ ਕਿ ਕਸ਼ਮੀਰ ਕਦੀ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਕਸ਼ਮੀਰ ਕਦੀ ਪਾਕਿਸਤਾਨ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਕਸ਼ਮੀਰ ਦੋਵੇਂ ਭਾਰਤ ਦੇ ਅੰਗ ਹਨ।

ਵਿਵਾਦਤ ਆਸਟ੍ਰੇਲੀਆਈ ਸ਼ੀਆ ਇਮਾਮ ਨੇ ਟਵੀਟ ਕੀਤਾ, 'ਹਿੰਦੂ ਧਰਮ ਤੋਂ ਇਸਲਾਮ ਗ੍ਰਹਿਣ ਕਰਨ ਵਾਲੇ ਮੁਸਲਮਾਨ ਇਹ ਤੱਥ ਕਦੀ ਨਹੀਂ ਬਦਲ ਸਕਦੇ ਕਿ ਪੂਰਾ ਖੇਤਰ ਹੀ 'ਹਿੰਦੂ ਭੂਮੀ' ਹੈ। ਭਾਰਤ ਸਿਰਫ਼ ਪਾਕਿਸਤਾਨ ਤੋਂ ਹੀ ਨਹੀਂ, ਬਲਕਿ ਇਸਲਾਮ ਤੋਂ ਵੀ ਪੁਰਾਣਾ ਹੈ। ਇਸ ਸਬੰਧ 'ਚ ਇਮਾਨਦਾਰ ਰਹੋ।'

ਇਮਾਮ ਮੁਹੰਮਦ ਤਾਵਹੀਦੀ ਖ਼ੁਦ ਨੂੰ ਸ਼ਾਂਤੀ ਦਾ ਦੂਤ ਦੱਸਦੇ ਹਨ। ਉਨ੍ਹਾਂ ਨੇ ਆਪਣੀ ਚਰਚਿਤ ਕਿਤਾਬ 'ਫਾਰ-ਲੈਫਟ ਫਾਰ-ਰਾਈਟ, ਕੀਪ ਅ ਬੈਲੇਂਸ ਇਨ ਲਾਈਫ' ਵਿਚ ਕੱਟੜਪੰਥ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਆਪਣੇ ਹਾਲੀਆ ਟਵੀਟ 'ਚ ਤਾਵਹੀਦੀ ਨੇ ਕਿਹਾ ਸੀ ਕਿ ਮੇਰੇ ਜ਼ਿਆਦਾਤਰ ਪੈਰੋਕਾਰ ਆਮ ਤੌਰ 'ਤੇ ਚੰਗੇ ਲੋਕ ਹਨ। ਇਨ੍ਹਾਂ ਤੋਂ ਹੀ ਮੈਨੂੰ ਕੱਟੜਪੰਥੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।