ਲਾਹੌਰ (ਪੀਟੀਆਈ) : ਪਾਕਿਸਤਾਨ ਨੇ ਇਕਦਮ ਕਰਤਾਰਪੁਰ ਲਾਂਘੇ ਦੇ ਕੰਮ ਵਿਚ ਤੇਜ਼ੀ ਦਿਖਾਈ ਹੈ। ਉਸ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਲਈ ਹੁਣ 42 ਏਕੜ ਜ਼ਮੀਨ ਅਲਾਟ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਉਹ ਕੇਵਲ ਤਿੰਨ ਏਕੜ ਜ਼ਮੀਨ ਦੇ ਦੇਣ ਵਾਲਾ ਸੀ। ਪਾਕਿਸਤਾਨ ਦੇ ਪੰਜਾਬ ਦੇ ਗਵਰਨਰ ਨੇ 14 ਗੁਣਾ ਜ਼ਿਆਦਾ ਜ਼ਮੀਨ ਦੀ ਅਲਾਟਮੈਂਟ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ 80 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ।

ਪਾਕਿਸਤਾਨੀ ਅਖ਼ਬਾਰ 'ਦਿ ਨਿਊਜ਼' ਮੁਤਾਬਕ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਮੰਗਲਵਾਰ ਨੂੰ ਲਾਂਘੇ ਦੇ ਕੰਮ ਦਾ ਮੁਆਇਨਾ ਕਰਕੇ ਦੱਸਿਆ ਕਿ ਕਰਤਾਰਪੁਰ 'ਚ ਗੁਰਦੁਆਰਾ ਦਰਬਾਰ ਸਾਹਿਬ ਲਈ ਅਲਾਟ ਜ਼ਮੀਨ ਨੂੰ ਤਿੰਨ ਏਕੜ ਤੋਂ ਵਧਾ ਕੇ 42 ਏਕੜ ਕਰ ਦਿੱਤਾ ਗਿਆ ਹੈ। ਉਸ ਜ਼ਮੀਨ 'ਤੇ ਕੋਈ ਵੀ ਨਿਰਮਾਣ ਨਹੀਂ ਕੀਤਾ ਜਾਵੇਗਾ ਜਿਸ 'ਤੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਕੀਤੀ ਸੀ। ਸਰਵਰ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੇ ਬਾਬੇ ਨਾਨਕ ਲਈ ਜ਼ਮੀਨ 'ਚ ਕੋਈ ਕਟੌਤੀ ਨਹੀਂ ਹੋਵੇਗੀ। 42 ਏਕੜ ਜ਼ਮੀਨ ਗੁਰਦੁਆਰਾ ਦਰਬਾਰ ਸਾਹਿਬ ਲਈ ਅਲਾਟ ਕੀਤੀ ਗਈ ਹੈ ਤੇ 62 ਏਕੜ ਜ਼ਮੀਨ ਖੇਤੀਬਾੜੀ ਲਈ ਹੋਵੇਗੀ। ਇਸ ਤਰ੍ਹਾਂ ਗੁਰਦੁਆਰਾ ਦਰਬਾਰ ਸਾਹਿਬ ਲਈ ਕੁਲ 104 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਲਈ ਕੁਲ ਜ਼ਮੀਨ 408 ਏਕੜ ਹੋਵੇਗੀ।

ਕਰਤਾਰਪੁਰ ਲਾਂਘੇ ਦੇ ਵਿਕਾਸ ਕਾਰਜਾਂ ਨੇ ਫੜੀ ਤੇਜ਼ ਰਫ਼ਤਾਰ-ਰੰਧਾਵਾ

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਾਲ 1522 'ਚ ਸਥਾਪਤ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜਾਣ ਲਈ ਭਾਰਤ ਤੇ ਪਾਕਿਸਤਾਨ ਮਿਲ ਕੇ ਕਰਤਾਰਪੁਰ ਲਾਂਘਾ ਬਣਾ ਰਹੇ ਹਨ। ਇਹ ਲਾਂਘਾ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਨੂੰ ਪਾਕਿਸਤਾਨ ਦੇ ਕਰਤਾਰਪੁਰ ਨਾਲ ਜੋੜੇਗਾ। ਸਿੱਖ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਯਾਤਰਾ ਲਈ ਹੁਣ ਸਿੱਖ ਸ਼ਰਧਾਲੂਆਂ ਨੂੰ ਕੇਵਲ ਇਕ ਪਰਮਿਟ ਦੀ ਲੋੜ ਪਵੇਗੀ।

ਪਾਕਿਸਤਾਨੀ ਪੰਜਾਬ ਦੇ ਗਵਰਨਰ ਨੇ ਕਿਹਾ ਕਿ ਲਾਂਘੇ ਦਾ 80 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਸਾਲ ਨਵੰਬਰ ਮਹੀਨੇ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣਗੇ।

ਨਿਊਜ਼ ਰਿਪੋਰਟ ਮੁਤਾਬਕ ਦਰਬਾਰ ਸਾਹਿਬ ਦੇ ਚੈੱਕ ਪੁਆਇੰਟ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਧਰਮ ਸਥਾਨ ਤਕ ਜਾਣ ਲਈ ਵਿਸ਼ੇਸ਼ ਵਾਹਨ ਮੁਹਈਆ ਕਰਵਾਇਆ ਜਾਵੇਗਾ। ਦਰਬਾਰ ਸਾਹਿਬ 'ਤੇ ਸਿੱਖ ਸ਼ਰਧਾਲੂਆਂ ਲਈ ਤਿੰਨ ਲੰਗਰ ਹਾਲ ਬਣ ਰਹੇ ਹਨ। ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਤੈਅ ਸਮੇਂ ਬਾਅਦ ਕਰਤਾਰਪੁਰ ਤੋਂ ਜਾਣਾ ਪਵੇਗਾ ਜਦਕਿ ਬਰਤਾਨੀਆ, ਅਮਰੀਕਾ ਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਿੱਖਾਂ ਨੂੰ ਉਨ੍ਹਾਂ ਦੇ ਜਾਇਜ਼ ਵੀਜ਼ੇ ਅਨੁਸਾਰ ਰਹਿਣ ਦੀ ਪ੍ਰਵਾਨਗੀ ਹੋਵੇਗੀ। ਉਨ੍ਹਾਂ ਲਈ ਇੱਥੇ ਘਰਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਧਿਆਨ ਰਹੇ ਪਾਕਿਸਤਾਨ ਲਾਂਘੇ ਦਾ ਨਿਰਮਾਣ ਗੁਰਦੁਆਰਾ ਦਰਬਾਰ ਸਾਹਿਬ ਤੋਂ ਭਾਰਤੀ ਸਰਹੱਦ ਤਕ ਕਰ ਰਿਹਾ ਹੈ ਜਦਕਿ ਭਾਰਤ ਡੇਰਾ ਬਾਬਾ ਨਾਨਕ ਤੋਂ ਸਰਹੱਦ ਤਕ ਲਾਂਘੇ ਦਾ ਨਿਰਮਾਣ ਕਰ ਰਿਹਾ ਹੈ।

ਅਮਰੀਕਾ ਨੇ ਲਾਂਘੇ 'ਤੇ ਭਾਰਤ-ਪਾਕਿ ਦੀ ਕੀਤੀ ਪ੍ਰਸ਼ੰਸਾ

ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਨੇ ਕਰਤਾਰਪੁਰ ਲਾਂਘੇ ਜ਼ਰੀਏ ਦੋ ਸਿੱਖ ਧਰਮ ਅਸਥਾਨਾਂ ਨੂੰ ਆਪਸ ਵਿਚ ਜੋੜਨ ਲਈ ਭਾਰਤ ਤੇ ਪਾਕਿਸਤਾਨ ਦੇ ਕਦਮ ਦੀ ਪ੍ਰਸ਼ੰਸਾ ਕੀਤੀ ਹੈ। ਉਸ ਨੇ ਕਿਹਾ ਕਿ ਉਹ ਦੋ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਦੀ ਇਸ ਪਹਿਲ ਦਾ ਸਮਰਥਨ ਕਰਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟੇਗਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਨਵੰਬਰ 'ਚ ਇਹ ਲਾਂਘਾ ਖੁੱਲ੍ਹ ਜਾਵੇਗਾ ਤੇ ਇਹ ਚੰਗੀ ਖ਼ਬਰ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਲੋਕਾਂ ਨੂੰ ਜੋੜਨ ਵਾਲੇ ਕਿਸੇ ਵੀ ਕਦਮ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ।