ਲਾਹੌਰ (ਪੀਟੀਆਈ) : ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅੱਤਵਾਦੀ ਹਾਫਿਜ਼ ਸਈਦ ਨੂੰ ਗਿ੍ਫ਼ਤਾਰ ਕੀਤਾ ਹੈ। ਹਾਫਿਜ਼ ਨੂੰ ਅੱਤਵਾਦੀ ਸਰਗਰਮੀਆਂ ਲਈ ਧਨ ਮੁਹਈਆ ਕਰਵਾਉਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਉਹ ਸੰਯੁਕਤ ਰਾਸ਼ਟਰ ਵੱਲੋਂ ਐਲਾਨਿਆ ਗਿਆ ਅੰਤਰਰਾਸ਼ਟਰੀ ਅੱਤਵਾਦੀ ਹੈ ਅਤੇ ਅਮਰੀਕਾ ਨੇ ਉਸ 'ਤੇ ਇਕ ਕਰੋੜ ਡਾਲਰ (ਕਰੀਬ 70 ਕਰੋੜ ਰੁਪਏ) ਦਾ ਇਨਾਮ ਰੱਖਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਹਾਫਿਜ਼ ਨੂੰ ਗਿ੍ਫ਼ਤਾਰ ਕੀਤਾ ਹੈ। ਸੀਟੀਡੀ ਦੇ ਅਧਿਕਾਰੀ ਨੇ ਦੱਸਿਆ, 'ਸੀਟੀਡੀ ਦੀ ਟੀਮ ਨੇ ਜਮਾਤ-ਉਦ-ਦਾਵਾ ਦੇ ਸਰਗਨੇ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਜਦੋਂ ਉਹ ਗੱਜਰਾਂਵਾਲਾ ਤੋਂ ਲਾਹੌਰ ਜਾ ਰਿਹਾ ਸੀ। ਉਸ ਨੂੰ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਗੁੱਜਰਾਂਵਾਲਾ ਸ਼ਹਿਰ ਨੇੜਿਓਂ ਗਿ੍ਫ਼ਤਾਰ ਕੀਤਾ ਗਿਆ।' ਹਾਫਿਜ਼ ਨੂੰ ਗੁੱਜਰਾਂਵਾਲਾ 'ਚ ਅੱਤਵਾਦ ਰੋਕੂ ਅਦਾਲਤ (ਏਟੀਸੀ) ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਸੱਤ ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ਲਿਜਾਇਆ ਗਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੀ ਭਿ੍ਸ਼ਟਾਚਾਰ ਦੇ ਮਾਮਲੇ 'ਚ ਸੱਤ ਸਾਲ ਦੀ ਸਜ਼ਾ ਇਸੇ ਜੇਲ੍ਹ ਵਿਚ ਕੱਟ ਰਹੇ ਹਨ। ਸੀਟੀਡੀ ਨੇ ਦੱਸਿਆ ਕਿ ਹਾਫਿਜ਼ ਸਈਦ ਸਮੇਤ ਜਮਾਤ-ਉਦ-ਦਾਵਾ ਦੇ 13 ਅਹਿਮ ਲੋਕਾਂ ਵਿਰੁੱਧ 23 ਐੱਫਆਈਆਰ ਦਰਜ ਕੀਤੀਆਂ ਸਨ। ਇਨ੍ਹਾਂ 'ਤੇ ਅੱਤਵਾਦੀ ਸਰਗਰਮੀਆਂ ਲਈ ਫੰਡਿੰਗ ਦਾ ਦੋਸ਼ ਹੈ। ਸੋਮਵਾਰ ਨੂੰ ਸਈਦ ਤੇ ਉਸ ਦੇ ਤਿੰਨ ਸਾਥੀਆਂ ਨੂੰ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਤੋਂ ਪੇਸ਼ਗੀ ਜ਼ਮਾਨਤ ਮਿਲੀ ਸੀ। ਜ਼ਮੀਨ ਹੜੱਪਣ ਦੇ ਇਕ ਮਾਮਲੇ 'ਚ ਅਦਾਲਤ ਨੇ ਪੁਲਿਸ ਨੂੰ ਉਸ ਦੀ ਗਿ੍ਫ਼ਤਾਰੀ ਤੋਂ ਰੋਕਿਆ ਸੀ। ਹਾਫਿਜ਼ ਸਈਦ 2008 'ਚ ਹੋਏ ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹੈ। ਭਾਰਤ ਉਸ ਵਿਰੁੱਧ ਕਾਰਵਾਈ ਲਈ ਲਗਾਤਾਰ ਦਬਾਅ ਬਣਾਉਂਦਾ ਰਿਹਾ ਹੈ।

ਅਗਲੇ ਹਫ਼ਤੇ ਇਮਰਾਨ ਜਾਣਗੇ ਅਮਰੀਕਾ

ਸਈਦ ਦੀ ਗਿ੍ਫ਼ਤਾਰੀ ਅਜਿਹੇ ਵੇਲੇ ਹੋਈ ਹੈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 21 ਜੁਲਾਈ ਨੂੰ ਆਪਣੇ ਪਹਿਲੇ ਅਮਰੀਕਾ ਦੌਰੇ 'ਤੇ ਪੁੱਜਣ ਵਾਲੇ ਹਨ। ਇੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਟਰੰਪ ਲਗਾਤਾਰ ਇਹ ਦਬਾਅ ਬਣਾਉਂਦੇ ਰਹੇ ਹਨ ਕਿ ਉਹ ਆਪਣੀ ਜ਼ਮੀਨ 'ਤੇ ਅੱਤਵਾਦੀਆਂ ਨੂੰ ਪਨਾਹ ਨਾ ਦੇਵੇ। ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਪਿੱਛੋਂ ਅੱਤਵਾਦੀਆਂ ਵਿਰੁੱਧ ਕਾਰਵਾਈ ਲਈ ਪਾਕਿਸਤਾਨ 'ਤੇ ਦੁਨੀਆ ਭਰ ਤੋਂ ਦਬਾਅ ਪੈ ਰਿਹਾ ਹੈ।

ਦਿਖਾਵਾ ਕਰ ਰਿਹੈ ਪਾਕਿਸਤਾਨ : ਉੱਜਵਲ ਨਿਕਮ

ਭਾਰਤ ਦੇ ਸੀਨੀਅਰ ਵਕੀਲ ਉੱਜਵਲ ਨਿਕਮ ਨੇ ਪਾਕਿਸਤਾਨ ਦੀ ਇਸ ਕਾਰਵਾਈ ਨੂੰ ਦਿਖਾਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੁਨੀਆ ਨੂੰ ਮੂਰਖ ਬਣਾ ਰਿਹਾ ਹੈ ਕਿ ਉਸ ਨੇ ਹਾਫਿਜ਼ ਸਈਦ ਨੂੰ ਗਿ੍ਫ਼ਤਾਰ ਕਰ ਲਿਆ ਹੈ। ਦੇਖਣਾ ਇਹ ਹੈ ਕਿ ਉਹ ਅਦਾਲਤ 'ਚ ਮਾਮਲੇ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹਨ। ਨਹੀਂ ਤਾਂ ਸਾਰੀ ਕਵਾਇਦ ਬੱਸ ਨਾਟਕ ਹੀ ਹੋਵੇਗੀ। ਉਧਰ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਇਸ ਮਾਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।