ਪਿਸ਼ਾਵਰ ,ਏਜੰਸੀ : ਅੱਤਵਾਦੀ ਜਥੇਬੰਦੀਆਂ ਦੀ ਸੈਰਗਾਹ ਬਣੇ ਪਾਕਿਸਤਾਨ ’ਚ ਉਨ੍ਹਾਂ ਦਾ ਆਰਥਿਕ ਨੈੱਟਵਰਕ ਸਾਹਮਣੇ ਆਇਆ ਹੈ। ਇੱਥੇ ਤਾਲਿਬਾਨ ਤੇ ਹੋਰ ਅੱਤਵਾਦੀ ਜਥੇਬੰਦੀਆਂ ਨੂੰ ਮਸਜਿਦਾਂ ਦੇ ਜ਼ਰੀਏ ਮੋਟਾ ਚੰਦਾ ਦਿੱਤਾ ਜਾਂਦਾ ਹੈ। ਮਸਜਿਦਾਂ ’ਚ ਲੋਕਾਂ ਦੇ ਨਾਲ ਹੀ ਅਜਿਹੀਆਂ ਜਥੇਬੰਦੀਆਂ ਵੀ ਸਹਿਯੋਗ ਕਰਦੀਆਂ ਹਨ, ਜਿਨ੍ਹਾਂ ਦੇ ਵਿਦੇਸ਼ਾਂ ਨਾਲ ਤਾਰ ਜੁੜੇ ਹੋਏ ਹਨ। ਅੱਤਵਾਦੀਆਂ ਲਈ ਮਸਜਿਦਾਂ ਤੋਂ ਚੰਦਾ ਮੁਹੱਈਆ ਕਰਾਉਣ ਦੀ ਪ੍ਰਥਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਪਾਕਿ ਦੀ ਵਿਰੋਧੀ ਪਾਰਟੀ ਨੇ ਇਸ ਭੇਤ ਤੋਂ ਪਰਦਾ ਚੁੱਕਦੇ ਹੋਏ ਅੱਤਵਾਦੀਆਂ ਦੀ ਮਦਦ ਤੁਰੰਤ ਬੰਦ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ।

ਡਾਨ ਅਖ਼ਬਾਰ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੀ ਵਿਰੋਧੀ ਪਾਰਟੀ ਅਵਾਮੀ ਨੈਸ਼ਨਲ ਪਾਰਟੀ (ਏਐੱਨਪੀ) ਨੇ ਕਿਹਾ ਹੈ ਕਿ ਸਰਕਾਰ ਦੀਆਂ ਇਨ੍ਹਾਂ ਹਰਕਤਾਂ ਦੇ ਕਾਰਨ ਹੀ ਪਾਕਿ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅੱਤਵਾਦੀ ਫੰਡਿੰਗ ਦੇ ਮਾਮਲੇ ’ਚ ਉਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਏਐੱਫਏਟੀਐੱਫ) ਦੀ ਗ੍ਰੇ ਸੂਚੀ ਤੋਂ ਬਾਹਰ ਨਹੀਂ ਹੋ ਪਾ ਰਿਹਾ।

ਏਐੱਨਪੀ ਦੇ ਪਾਰਟੀ ਬੁਲਾਰੇ ਆਈਮਲ ਵਲੀ ਖਾਨ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਪਾਕਿਸਤਾਨ ’ਚ ਖੂਨ ਖ਼ਰਾਬਾ ਰੋਕਣ ਲਈ ਮਸਜਿਦਾਂ ਤੋਂ ਚੰਦਾ ਬੰਦ ਹੋਣਾ ਚਾਹੀਦਾ ਹੈ। ਤਹਿਰੀਕ ਏ ਤਾਲਿਬਾਨ ਅਫ਼ਗਾਨਿਸਤਾਨ ਨੂੰ ਮਾਨਤਾ ਦੇਣ ਦੀ ਵਕਾਲਤ ਕਰਨ ਵਾਲੇ ਕਦੇ ਪਖਤੂਨਾਂ ਦੇ ਦੋਸਤ ਨਹੀਂ ਹੋ ਸਕਦੇ।

ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੀ ਵਾਪਸੀ ਦੇ ਨਾਲ ਹੀ ਅੱਤਵਾਦੀ ਪਾਕਿ ਦੇ ਕੁਝ ਹਿੱਸਿਆਂ ’ਚ ਮੁੜ ਸਰਗਰਮ ਹੋ ਰਹੇ ਹਨ। ਇਸ ਤੋਂ ਬਾਅਦ ਵੀ ਸਰਕਾਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ।

ਪਾਕਿਸਤਾਨ ਨੂੰ ਹੁਣ ਪਿਛਲੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਅੱਤਵਾਦ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਆਪਣੀਆਂ ਤਰਜੀਹਾਂ ਤੈਅ ਕਰਨੀਆਂ ਚਾਹੀਦੀਆਂ ਹਨ।

ਯਾਦ ਰਹੇ ਕਿ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਸੀ ਕਿ ਪਾਕਿ ਦੇ ਵੱਖ ਵੱਖ ਸ਼ਹਿਰਾਂ ’ਚ ਤਾਲਿਬਾਨ ਦੇ ਸ਼ੂਰਾ ਚੱਲ ਰਹੇ ਹਨ। ਇਨ੍ਹਾਂ ’ਚ ਹੀ ਅਫ਼ਗਾਨਿਸਤਾਨ ਸਮੇਤ ਹੋਰ ਦੇਸ਼ਾਂ ’ਚ ਅੱਤਵਾਦੀ ਕਾਰਵਾਈਆਂ ਦੀ ਯੋਜਨਾ ਬਣਦੀ ਹੈ।

Posted By: Rajnish Kaur