ਕਰਾਚੀ (ਪੀਟੀਆਈ) : ਅਸ਼ਾਂਤ ਬਲੋਚਿਸਤਾਨ ਸੂਬੇ 'ਚ ਬਾਗ਼ੀਆਂ ਨੇ ਪਾਕਿਸਤਾਨੀ ਫ਼ੌਜ ਦੀ ਇਸ ਸੁਰੱਖਿਆ ਚੌਕੀ 'ਤੇ ਹਮਲਾ ਕੀਤਾ। ਇਸ ਹਮਲੇ ਦੇ ਕੁਝ ਘੰਟੇ ਬਾਅਦ ਹੀ ਇਕ ਫ਼ੌਜੀ ਵਾਹਨ 'ਤੇ ਵੀ ਹਮਲਾ ਬੋਲਿਆ। ਇਨ੍ਹਾਂ ਦੋਵਾਂ ਘਟਨਾਵਾਂ 'ਚ ਪੰਜ ਪਾਕਿਸਤਾਨੀ ਪੈਰਾ-ਮਿਲਟਰੀ ਫ਼ੌਜੀਆਂ ਦੀ ਮੌਤ ਹੋ ਗਈ ਜਦੋਂਕਿ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ। ਪਾਕਿਸਤਾਨੀ ਫ਼ੌਜ ਨੇ ਇਸ ਦੀ ਜਾਣਕਾਰੀ ਦਿੱਤੀ।

ਬਲੋਚਿਸਤਾਨ 'ਚ ਅਕਸਰ ਹੀ ਬਾਗ਼ੀਆਂ ਵੱਲੋਂ ਫ਼ੌਜ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ 'ਇੰਟਰ-ਸਰਵਿਸ ਪਬਲਿਕ ਰਿਲੇਸ਼ਨ' ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਮੁਤਾਬਕ ਪਹਿਲੀ ਘਟਨਾ 'ਚ ਵੱਖਵਾਦੀਆਂ ਨੇ ਕੁਏਟਾ ਅਤੇ ਤੁਰਬਾਤ 'ਚ ਫਰੰਟੀਅਰ ਕਾਰਪਸ ਨੂੰ ਨਿਸ਼ਾਨਾ ਬਣਾਇਆ। ਇਸ 'ਚ ਕਿਹਾ ਗਿਆ ਕਿ ਪੀਰ ਇਸਮਾਈਲ ਜ਼ਿਆਰਤ ਨੇੜੇ ਸਥਿਤ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ। ਜਵਾਬੀ ਗੋਲ਼ੀਬਾਰੀ 'ਚ ਚਾਰ ਤੋਂ ਪੰਜ ਬਾਗ਼ੀ ਮਾਰੇ ਗਏ ਜਦੋਂਕਿ ਅੱਠ ਜ਼ਖ਼ਮੀ ਹੋਏ। ਉਧਰ, ਇਸ ਗੋਲ਼ੀਬਾਰੀ 'ਚ ਪਾਕਿਸਤਾਨ ਦੇ ਪੰਜ ਫ਼ੌਜੀ ਮਾਰੇ ਗਏ ਅਤੇ ਛੇ ਜਵਾਨ ਜ਼ਖ਼ਮੀ ਹੋਏ।

ਦੇਸ਼ ਵਿਰੋਧੀ ਤਾਕਤਾਂ ਨੇ ਘਟਨਾ ਨੂੰ ਅੰਜਾਮ ਦਿੱਤਾ : ਪਾਕਿਸਤਾਨੀ ਫ਼ੌਜ

ਦੂਸਰੀ ਘਟਨਾ 'ਚ ਤੁਰਬਾਤ 'ਚ ਬਾਗ਼ੀਆਂ ਨੇ ਫਰੰਟੀਅਰ ਕਾਰਪਸ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ 'ਚ ਦੋ ਫ਼ੌਜੀ ਜ਼ਖ਼ਮੀ ਹੋ ਗਏ। ਬਿਆਨ 'ਚ ਕਿਹਾ ਗਿਆ ਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਮਰਪਿਤ ਵਿਰੋਧੀ ਅਨਸਰਾਂ ਵੱਲੋਂ ਇਸ ਤਰ੍ਹਾਂ ਦੀ ਵਹਿਸ਼ੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਉਹ ਬਲੋਚਿਸਤਾਨ 'ਚ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਅਮਨ-ਸ਼ਾਂਤੀ ਨੂੰ ਬਰਬਾਦ ਨਹੀਂ ਕਰ ਸਕਦੇ। ਫ਼ੌਜ ਨੇ ਕਿਹਾ ਕਿ ਸੁਰੱਖਿਆ ਬਲ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਬੇਅਸਰ ਕਰਨ ਲਈ ਵਚਨਬੱਧ ਹਨ।

ਕਾਰ ਬੰਬ ਧਮਾਕੇ ਮਾਮਲੇ 'ਚ ਵਿਦੇਸ਼ੀ ਗਿ੍ਫ਼ਤਾਰ

ਉਧਰ, ਲਾਹੌਰ 'ਚ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਸਰਗਨਾ ਅਤੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਘਰ ਦੇ ਬਾਹਰ ਕਾਰ ਬੰਬ ਧਮਾਕਾ ਕਰਨ ਦੇ ਮਾਮਲੇ 'ਚ ਇਕ ਵਿਦੇਸ਼ੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ। ਡਾਨ ਅਖ਼ਬਾਰ ਮੁਤਾਬਕ ਵੀਰਵਾਰ ਨੂੰ ਲਾਹੌਰ ਹਵਾਈ ਅੱਡੇ 'ਤੇ ਗਿ੍ਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਪੀਟਰ ਪਾਲ ਡੇਵਿਡ ਵਜੋਂ ਹੋਈ ਹੈ। ਡੇਵਿਡ ਨੂੰ ਕਰਾਚੀ ਜਾਣ ਵਾਲੀ ਫਲਾਈਟ ਤੋਂ ਉਤਾਰ ਲਿਆ ਗਿਆ ਸੀ। ਉਸ ਕੋਲੋਂ ਪੁੱਛਗਿੱਛ ਲਈ ਉਸ ਨੰੂ ਕਿਸੇ ਅਣਪਛਾਤੇ ਜਗ੍ਹਾ 'ਤੇ ਲਿਜਾਇਆ ਗਿਆ ਹੈ। ਉਹ ਉਸ ਕਾਰ ਦਾ ਮਾਲਕ ਹੈ ਜਿਸ ਦੀ ਵਰਤੋਂ ਬੰਬ ਧਮਾਕੇ 'ਚ ਕੀਤੀ ਗਈ ਸੀ। ਡੇਵਿਡ ਪਿਛਲੇ ਦਿਨੀਂ ਕਰਾਚੀ, ਲਾਹੌਰ ਅਤੇ ਡੁਬਈ ਵਿਚਾਲੇ ਕਈ ਵਾਰ ਆਉਂਦਾ-ਜਾਂਦਾ ਰਿਹਾ ਹੈ। ਜਾਂਚਕਰਤਾ ਉਸ ਦੀਆਂ ਸਰਗਰਮੀਆਂ ਦੇ ਮਕਸਦ ਦਾ ਪਤਾ ਲਗਾ ਰਹੇ ਹਨ।