ਨਵੀਂ ਦਿੱਲੀ : ਭਾਰਤ ਦੀ ਹਮਲਾਵਰ ਕੂਟਨੀਤਕ ਪਹਿਲ ਤੋਂ ਚੁਫੇਰਿਓਂ ਘਿਰ ਰਿਹਾ ਪਾਕਿਸਤਾਨ ਆਪਣੀ ਖਿੱਝ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ 'ਤੇ ਉਤਾਰ ਰਿਹਾ ਹੈ। ਹਾਲਾਤ ਇਹ ਹਨ ਕਿ ਹਾਈ ਕਮਿਸ਼ਨ ਦੇ ਆਹਲਾ ਅਧਿਕਾਰੀ ਹੁਣ ਜਦੋਂ ਵੀ ਬਾਹਰ ਨਿਕਲ ਰਹੇ ਹਨ ਤਾਂ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦੇ ਲੋਕ ਪਰਛਾਵੇਂ ਵਾਂਗ ਨਾ ਸਿਰਫ਼ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਬਲਕਿ ਉਨ੍ਹਾਂ ਨੂੰ ਵੱਖ-ਵੱਖ ਢੰਗਾਂ ਨਾਲ ਪਰੇਸ਼ਾਨ ਵੀ ਕਰ ਰਹੇ ਹਨ। ਹਾਈ ਕਮਿਸ਼ਨ ਵਿਚ ਕੰਮ ਕਰ ਰਹੇ ਸੁਰੱਖਿਆ ਗਾਰਡਾਂ ਨੂੰ ਵੀ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅੱਠ ਮਾਰਚ ਤੋਂ 10 ਮਾਰਚ 2019 ਦਰਮਿਆਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਪਰੇਸ਼ਾਨ ਕਰਨ ਦੀਆਂ 13 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਭਾਰਤੀ ਹਾਈ ਕਮਿਸ਼ਨ ਨੇ ਇਸ ਬਾਰੇ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਰਿਪੋਰਟ ਭੇਜੀ ਹੈ ਤੇ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਅੱਠ ਮਾਰਚ 2019 ਨੂੰ ਭਾਰਤੀ ਹਾਈ ਕਮਿਸ਼ਨ ਦੇ ਫਸਟ ਸੈਕ੍ਰੇਟਰੀ ਅਤੇ ਜਲ ਸੈਨਾ ਸਲਾਹਕਾਰ ਦਾ ਬੇਹੱਦ ਸ਼ੱਕੀ ਹਾਲਾਤ 'ਚ ਦੋ ਵੱਖ-ਵੱਖ ਵਾਹਨਾਂ ਰਾਹੀਂ ਪਿੱਛਾ ਕੀਤਾ ਗਿਆ। ਇਹ ਦੋਵੇਂ ਅਧਿਕਾਰੀ ਹਾਈ ਕਮਿਸ਼ਨ ਦੇ ਆਪਣੇ ਦਫ਼ਤਰ ਤੋਂ ਘਰ ਜਾ ਰਹੇ ਸਨ। ਇਨ੍ਹਾਂ ਦੀ ਕਾਰ ਨੂੰ ਬੇਹੱਦ ਹਮਲਾਵਰ ਤਰੀਕੇ ਨਾਲ ਓਵਰਟੇਕ ਕੀਤਾ ਗਿਆ ਜਿਸ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਸੀ। ਨਾਲ ਹੀ ਮਿਸ਼ਨ ਦੇ ਲੋਕਾਂ ਨੂੰ ਲਗਾਤਾਰ ਫੋਨ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨੌਂ ਮਾਰਚ ਨੂੰ ਉਪ ਹਾਈ ਕਮਿਸ਼ਨਰ ਜਦੋਂ ਘਰੋਂ ਬਾਜ਼ਾਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਪਿੱਛਾ ਇਕ ਸ਼ੱਕੀ ਬਾਈਕ ਸਵਾਰ ਨੇ ਕੀਤਾ। ਇਹ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਪੁਰਾਣਾ ਤਰੀਕਾ ਹੈ। ਉਹ ਲੋਕ ਕਈ ਵਾਰ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀਆਂ ਕਾਰਾਂ ਦਾ ਬੇਹੱਦ ਖ਼ਤਰਨਾਕ ਤਰੀਕੇ ਨਾਲ ਪਿੱਛਾ ਕਰਦੇ ਹਨ ਤੇ ਫਿਰ ਕਾਰ ਨੂੰ ਰੁਕਵਾ ਕੇ ਸਵਾਰਾਂ ਨੂੰ ਧਮਕੀਆਂ ਵੀ ਦਿੰਦੇ ਹਨ। ਜਲ ਸੈਨਾ ਸਲਾਹਕਾਰ ਦਾ ਦੋ ਦਿਨਾਂ ਤਕ ਇਸੇ ਤਰ੍ਹਾਂ ਪਿੱਛਾ ਕੀਤਾ ਗਿਆ।

ਚੇਤੇ ਰਹੇ ਕਿ ਪਾਕਿਸਤਾਨ ਵੱਲੋਂ ਹਾਲ ਹੀ ਵਿਚ ਇਹ ਬਿਆਨਬਾਜ਼ੀ ਕੀਤੀ ਗਈ ਹੈ ਕਿ ਭਾਰਤੀ ਜਲ ਸੈਨਾ ਨੇ ਬੇਹੱਦ ਖ਼ਤਰਨਾਕ ਤਰੀਕੇ ਨਾਲ ਉਸ ਨੂੰ ਘੇਰੀ ਰੱਖਿਆ ਹੈ। ਭਾਰਤ ਇਸ ਤੋਂ ਇਨਕਾਰ ਕਰਦਾ ਰਿਹਾ ਹੈ।

ਬਹਿਰਹਾਲ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦੇ ਲੋਕ ਲਗਾਤਾਰ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੇ ਘਰਾਂ ਵਿਚ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਵੀ ਪਰੇਸ਼ਾਨ ਕਰ ਰਹੇ ਹਨ। ਇਨ੍ਹਾਂ ਗਾਰਡਾਂ ਨੂੰ ਰੋਕ ਕੇ ਤਮਾਮ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਰਤੀ ਹਾਈ ਕਮਿਸ਼ਨ ਵੱਲੋਂ ਪਾਕਿਸਤਾਨ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਹਾਈ ਕਮਿਸ਼ਨਰ ਦਾ ਰੋਜ਼ਾਨਾ ਪਿੱਛਾ ਕੀਤਾ ਜਾ ਰਿਹਾ ਹੈ। ਇਨ੍ਹਾਂ ਉਦਾਹਰਣਾਂ ਨੂੰ ਵੀਆਨਾ ਸਮਝੌਤੇ ਦੀ ਉਲੰਘਣਾ ਦੱਸਦਿਆਂ ਭਾਰਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਇਹ ਵੀ ਬੇਨਤੀ ਕੀਤੀ ਗਈ ਹੈ ਕਿ ਮੰਤਰਾਲਾ ਇਸ ਦੀ ਜਾਂਚ ਰਿਪੋਰਟ ਸਾਂਝੀ ਕਰੇ।