ਪਿਸ਼ਾਵਰ (ਏਪੀ) : ਪਾਕਿਸਤਾਨ ’ਚ ਈਸ਼ਨਿੰਦਾ ਦੇ ਇਕ ਮੁਲਜ਼ਮ ਨੂੰ ਨਾ ਸੌਂਪੇ ਜਾਣ ਤੋਂ ਭੜਕੇ ਲੋਕਾਂ ਨੇ ਜ਼ੋਰਦਾਰ ਹੰਗਾਮਾ ਕੀਤਾ। ਉਨ੍ਹਾਂ ਇਕ ਪੁਲਿਸ ਸਟੇਸ਼ਨ ਨੂੰ ਫੂਕ ਦਿੱਤਾ। ਚਾਰ ਪੁਲਿਸ ਚੌਕੀਆਂ ਨੂੰ ਵੀ ਅੱਗ ਹਵਾਲੇ ਕਰ ਦਿੱਤਾ। ਇਹ ਘਟਨਾ ਐਤਵਾਰ ਰਾਤ ਖ਼ੈਬਰ ਪਖਤੂਨਖਵਾ ਸੂਬੇ ਦੇ ਚਾਰਸੱਦਾ ਜ਼ਿਲ੍ਹੇ ’ਚ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਨਸਿਕ ਰੂਪ ਨਾਲ ਬਿਮਾਰ ਇਕ ਵਿਅਕਤੀ ’ਤੇ ਕੁਰਾਨ ਦਾ ਅਪਮਾਨ ਕਰਨ ਦਾ ਦੋਸ਼ ਹੈ।

ਸਥਾਨਕ ਪੁਲਿਸ ਅਧਿਕਾਰੀ ਆਸਿਫ ਖ਼ਾਨ ਨੇ ਸੋਮਵਾਰ ਨੂੰ ਦੱਸਿਆ ਕਿ ਹਮਲੇ ਵਿਚ ਕੋਈ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ। ਜ਼ਿਲ੍ਹੇ ਵਿਚ ਸਥਿਤੀ ਸੰਭਾਲਣ ਲਈ ਫੋਰਸ ਨੂੰ ਬੁਲਾਉਣਾ ਪਿਆ। ਘਟਨਾ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਫ਼ੌਜੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਹਿੰਸਕ ਭੀੜ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ। ਉਸ ਨੂੰ ਬਚਾ ਕੇ ਦੂਜੇ ਜ਼ਿਲ੍ਹੇ ਵਿਚ ਭੇਜ ਦਿੱਤਾ ਗਿਆ ਹੈ। ਇਕ ਦਿਨ ਪਹਿਲਾਂ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਈਸ਼ਨਿੰਦਾ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੀ ਭੀੜ ਨੇ ਪੁਲਿਸ ਦੀਆਂ ਇਮਾਰਤਾਂ ’ਤੇ ਹਮਲਾ ਕੀਤਾ ਸੀ। ਚਾਰਸੱਦਾ ਵਿਚ ਸੋਮਵਾਰ ਨੂੰ ਸਥਿਤੀ ਆਮ ਹੋ ਗਈ ਅਤੇ ਹਮਲੇ ਵਿਚ ਸ਼ਾਮਲ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਈਸ਼ਨਿੰਦਾ ’ਤੇ ਮੌਤ ਦੀ ਸਜ਼ਾ ਦੀ ਤਜਵੀਜ਼

ਪਾਕਿਸਤਾਨ ’ਚ ਈਸ਼ਨਿੰਦਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਵਿਚ ਮੌਤ ਦੀ ਸਜ਼ਾ ਤਕ ਦੀ ਤਜਵੀਜ਼ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਅਕਸਰ ਹੀ ਭੀੜ ਹਿੰਸਾ ’ਤੇ ਉਤਾਰੂ ਹੋ ਜਾਂਦੀ ਹੈ। ਕੌਮਾਂਤਰੀ ਤੇ ਘਰੇਲੂ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਈਸ਼ਨਿੰਦਾ ਦਾ ਇਸਤੇਮਾਲ ਘੱਟ ਗਿਣਤੀਆਂ ਨੂੰ ਡਰਾਉਣ ਲਈ ਕੀਤਾ ਜਾਂਦਾ ਹੈ।

Posted By: Susheel Khanna