ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਜਮੀਅਤ ਉਲੇਮਾ-ਏ-ਇਸਲਾਮ (ਜੇਯੂਆਈ-ਐੱਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਦਾ ਕਹਿਣਾ ਹੈ ਕਿ ਹੁਣ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੀ ਗੁੰਜਾਇਸ਼ ਨਹੀਂ ਹੈ। ਇਸ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਸਤੀਫ਼ਾ ਦੇ ਕੇ ਘਰ ਚਲੇ ਜਾਣਾ ਚਾਹੀਦਾ ਹੈ। ਰਹਿਮਾਨ ਪਿਛਲੇ ਨੌਂ ਦਿਨਾਂ ਤੋਂ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਚੱਲ ਰਹੇ ਆਜ਼ਾਦੀ ਮਾਰਚ ਦੀ ਅਗਵਾਈ ਕਰ ਰਹੇ ਹਨ। ਦੇਸ਼ ਦੀਆਂ ਕਈ ਵਿਰੋਧੀ ਪਾਰਟੀਆਂ ਵੀ ਇਸ ਮਾਰਚ ਨੂੰ ਸਮਰਥਨ ਦੇ ਰਹੀਆਂ ਹਨ। ਫਜ਼ਲੁਰ ਨੇ ਪ੍ਰਧਾਨ ਮੰਤਰੀ 'ਤੇ 2018 ਦੀ ਚੋਣ ਵਿਚ ਹੇਰਾਫੇਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।

ਵੀਰਵਾਰ ਨੂੰ ਅੰਦੋਲਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਹਿਮਾਨ ਨੇ ਕਿਹਾ ਕਿ ਹੁਣ ਗੱਲਬਾਤ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਸਰਕਾਰੀ ਵਫ਼ਦ ਨੂੰ ਬਿਨਾਂ ਸਾਰਥਿਕ ਏਜੰਡੇ ਦੇ ਗੱਲਬਾਤ ਲਈ ਆਉਣਾ ਬੰਦ ਕਰਨਾ ਚਾਹੀਦਾ ਹੈ। ਜੇ ਉਹ ਸਮਝੌਤਾ ਚਾਹੁੰਦੇ ਹਨ ਤਾਂ ਪਹਿਲੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਅਸਤੀਫ਼ਾ ਲਿਆਉਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀਜੀ ਆਈਐੱਸਪੀਆਰ ਮੇਜਰ ਜਨਰਲ ਆਸਿਫ ਗਫੂਰ ਦੇ ਬਿਆਨ ਦਾ ਸਵਾਗਤ ਵੀ ਕੀਤਾ ਹੈ। ਗਫੂਰ ਨੇ ਕਿਹਾ ਸੀ ਕਿ ਆਮ ਚੋਣ ਅਤੇ ਸਿਆਸੀ ਮਸਲਿਆਂ 'ਤੇ ਫ਼ੌਜ ਨਿਰਪੱਖ ਹੈ। ਗਫੂਰ ਨੇ ਸ਼ਨਿਚਰਵਾਰ ਨੂੰ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਨ 'ਤੇ ਸੀਰਤ ਕਾਨਫਰੰਸ ਕਰਵਾਉਣ ਦਾ ਵੀ ਐਲਾਨ ਕੀਤਾ।