ਏਜੰਸੀ, ਲਾਹੌਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ 'ਤੇ ਗੋਢੇ ਟੇਕ ਦਿੱਤੇ ਹਨ। ਇਮਰਾਨ ਖਾਨ ਦਾ ਕਹਿਣਾ ਹੈ ਕਿ ਜਦੋਂ ਤਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ ਉਦੋਂ ਤਕ ਪਾਕਿਸਤਾਨ ਕਸ਼ਮੀਰ ਵਿਚ ਕੁਝ ਨਹੀਂ ਕਰ ਸਕਦਾ। ਇਕ ਤਰ੍ਹਾਂ ਨਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਭਾਰਤ ਦੀ ਮਜਬੂਤੀ ਅੱਗੇ ਹਾਰ ਮੰਨ ਲਈ ਹੈ। ਇਕ ਵਿਦੇਸ਼ੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਖਾਨ ਨੇ ਇਹ ਗੱਲ ਕਹੀ ਹੈ। ਉਨ੍ਹਾਂ ਮੁਤਾਬਕ, ਜਦੋਂ ਤਕ ਮੋਦੀ ਸੱਤਾ ਵਿਚ ਹਨ ਕਸ਼ਮੀਰ ਵਿਵਾਦ ਦਾ ਕੋਈ ਹੱਲ ਨਹੀਂ ਨਿਕਲ ਸਕਦਾ। ਦੱਸ ਦੇਈਂੇ ਕਿ ਮੋਦੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾ ਦਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਬਹੁਤ ਹੱਥ ਪੈਰ ਮਾਰੇ। ਜਿਥੇ ਵੀ ਸਮਰਥਨ ਲੈਣ ਗਿਆ ਉਥੋਂ ਖਾਲੀ ਹੱਥ ਪਰਤਿਆ। ਇਹੀ ਕਾਰਨ ਹੈ ਕਿ ਹੁਣ ਕਸ਼ਮੀਰ ਦੇ ਨਾਂ 'ਤੇ ਪਾਕਿਸਤਾਨ ਪੂਰੀ ਤਰ੍ਹਾਂ ਚੁੱਪ ਬੈਠਣ ਲਈ ਮਜਬੂਰ ਹੋ ਗਿਆ ਹੈ।

ਪੜ੍ਹੋ ਇਮਰਾਨ ਦਾ ਪੂਰਾ ਬਿਆਨ

ਕਸ਼ਮੀਰ 'ਤੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਇਮਰਾਨ ਖਾਨ ਨੇ ਕਿਹਾ, ਭਾਰਤ ਦੀ ਇਸ ਸਰਕਾਰ ਤੋਂ ਮੈਨੂੰ ਕੋਈ ਉਮੀਦ ਨਹੀਂ ਹੈ। ਜਦੋਂ ਤਕ ਮੋਦੀ ਪੀਐੱਮ ਹੈ, ਕੁਝ ਨਹੀਂ ਹੋ ਸਕਦਾ। ਉਮੀਦ ਹੈ ਕਿ ਭਵਿੱਖ ਵਿਚ ਕੋਈ ਮਜਬੁਤ ਨੇਤਾ ਆਏਗਾ ਅਤੇ ਫਿਰ ਅਸੀਂ ਇਸ ਸਮੱਸਿਆ ਦਾ ਹੱਲ ਕੱਢ ਸਕਾਂਗੇ।

ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਆਜ਼ਾਦੀ ਦੀ ਲੜਾਈ ਦੌਰਾਨ ਪੰ. ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਉਹ ਕਸ਼ਮੀਰੀਆਂ ਨੂੰ ਉਨ੍ਹਾਂ ਦਾ ਅਧਿਕਾਰ ਦੇਣਗੇ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।


ਬਕੌਲ ਇਮਰਾਨ, 'ਭਾਰਤ ਵਿਚ ਅਜੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਥੇ ਆਰਐਸਐਸ ਦੀ ਅੱਤਵਾਦੀ ਸੋਚ ਦੀ ਸਰਕਾਰ ਹੈ। ਇਹ ਲੋਕ ਨਾਜੀਵਾਦ ਤੋਂ ਪ੍ਰੇਰਿਤ ਹਨ। ਆਰਐਸਐਸ ਨੇ ਮੋਦੀ ਨੂੰ ਜਨਮ ਦਿੱਤਾ ਹੈ, ਜੋ ਹਿਟਲਰ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਹੀ ਕਾਰਨ ਹੈ ਕਿ ਮੋਦੀ ਨੇ 80 ਮਿਲੀਅਨ ਕਸ਼ਮੀਰੀਆਂ ਨੂੰ ਖੁੱਲ੍ਹੀ ਜੇਲ੍ਹ ਵਿਚ ਕੈਦ ਕੀਤਾ ਹੋਇਆ ਹੈ। ਮੋਦੀ ਦੇ ਰਾਜ ਵਿਚ ਮੁਸਲਮਾਨਾਂ ਨੂੰ ਦਬਾਇਆ ਜਾ ਰਿਹਾ ਹੈ।'


ਭਾਰਤ ਵਿਚ ਟਰੰਪ, ਇਮਰਾਨ ਨੇ ਮੰਨੀ ਹਾਰ

ਇਮਰਾਨ ਖਾਨ ਦਾ ਇਹ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਦੌਰੇ 'ਤੇ ਹਨ ਅਤੇ ਇਥੇ ਪੀਐੱਮ ਮੋਦੀ ਅਤੇ ਟਰੰਪ ਦੋਵੇਂ ਇਕ ਦੂਜੇ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਮੋਦੀ ਅਤੇ ਟਰੰਪ ਦੀ ਦੋਸਤੀ ਦੇਖਣ ਤੋਂ ਬਾਅਦ ਪਾਕਿਸਤਾਨ ਵਿਚ ਨਿਰਾਸ਼ਾ ਦਾ ਆਲਮ ਹੈ, ਜੋ ਇਮਰਾਨ ਖਾਨ ਦੇ ਬਿਆਨ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ।

Posted By: Tejinder Thind