ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਲਈ ਅਦਾਲਤ ਵੱਲੋਂ ਇਕ ਹੋਰ ਰਾਹਤ ਭਰੀ ਖ਼ਬਰ ਹੈ। ਇਸਲਾਮਾਬਾਦ ਦੀ ਇਕ ਸਥਾਨਕ ਅਦਾਲਤ ਨੇ ਇਕ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਸ਼ੁੱਕਰਵਾਰ ਤੱਕ ਲਈ ਰੱਦ ਕਰ ਦਿੱਤਾ। ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ ’ਚ ਪੀਟੀਆਈ ਮੁਖੀ ਇਮਰਾਨ ਖ਼ਾਨ ਖ਼ਿਲਾਫ਼ ਨਿਆਂਇਕ ਮੈਜਿਸਟ੍ਰੇਟ ਮਲਿਕ ਅਮਨ ਨੇ ਬੁੱਧਵਾਰ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ 20 ਅਗਸਤ ਨੂੰ ਪੀਟੀਆਈ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਕ ਮਹਿਲਾ ਜੱਜ ਨੂੰ ਧਮਕੀ ਦੇ ਦਿੱਤੀ ਸੀ। ਜੱਜ ਨੇ ਇਮਰਾਨ ਦੇ ਕਰੀਬੀ ਸ਼ਹਿਬਾਜ਼ ਗਿੱਲ ਨੂੰ ਦੇਸ਼ਧ੍ਰੋਹ ਦੇ ਮਾਮਲੇ ’ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਮਰਾਨ ਚਿੜ੍ਹੇ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਤੋਸ਼ਾਖ਼ਾਨਾ ਮਾਮਲੇ ’ਚ ਪੇਸ਼ੀ ਦੌਰਾਨ ਪੀਟੀਆਈ ਵਰਕਰਾਂ ਵੱਲੋਂ ਅਦਾਲਤ ਦੇ ਬਾਹਰ ਹਿੰਸਾ ਮਾਮਲੇ ’ਚ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ।

Posted By: Sandip Kaur