ਇਸਲਾਮਾਬਾਦ (ਏਐੱਨਆਈ) : ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਮੂੰਹ ਦੀ ਖਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬੇਹੱਦ ਬੌਖਲਾ ਗਏ ਹਨ। ਇਮਰਾਨ ਨੇ ਭਾਰਤ ਦਾ ਅਕਸ ਖ਼ਰਾਬ ਕਰਨ ਲਈ ਇਕ ਨਵਾਂ ਸ਼ਗੂਫਾ ਛੱਡਿਆ ਹੈ। ਇਮਰਾਨ ਨੇ ਕਿਹਾ ਕਿ ਭਾਰਤ ਦੇ ਪਰਮਾਣੂ ਹਥਿਆਰ ਸੁਰੱਖਿਅਤ ਹੱਥਾਂ ਵਿਚ ਨਹੀਂ ਹਨ ਅਤੇ ਇਸ 'ਤੇ ਦੁਨੀਆ ਦੇ ਦੇਸ਼ਾਂ ਨੂੰ ਗੰਭੀਰਤਾ ਪੂਰਵਕ ਧਿਆਨ ਦੇਣਾ ਚਾਹੀਦਾ ਹੈ।

ਆਪਣੇ ਦੇਸ਼ ਵਿਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਇਮਰਾਨ ਦਾ ਸੁਰੱਖਿਆ ਪ੍ਰਰੀਸ਼ਦ 'ਚ ਜਦੋਂ ਕੋਈ ਦਾਅ ਨਹੀਂ ਚੱਲਿਆ ਤਾਂ ਦੁਨੀਆ ਦਾ ਧਿਆਨ ਖਿੱਚਣ ਲਈ ਇਸ ਤਰ੍ਹਾਂ ਦੇ ਮਾੜੇ ਪ੍ਰਚਾਰ ਦਾ ਇਕ ਹੋਰ ਪੁਲੰਦਾ ਖੋਲ੍ਹ ਦਿੱਤਾ। ਖ਼ੁਦ ਅੱਤਵਾਦੀਆਂ ਦੇ ਸਮਰਥਕ ਇਮਰਾਨ ਨੇ ਕਈ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿਚ ਭਾਰਤ ਦੇ ਪਰਮਾਣੂ ਹਥਿਆਰ ਸੁਰੱਖਿਅਤ ਨਹੀਂ ਹਨ, ਇਸ ਲਈ ਦੁਨੀਆ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਇਮਰਾਨ ਦੇ ਟਵੀਟ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਉਸ ਬਿਆਨ ਤੋਂ ਬਾਅਦ ਆਏ ਜਿਸ ਵਿਚ ਸਿੰਘ ਨੇ ਕਿਹਾ ਸੀ ਕਿ ਭਾਰਤ ਪਰਮਾਣੂ ਹਥਿਆਰਾਂ ਦੇ ਪਹਿਲਾਂ ਇਸਤੇਮਾਲ ਨਾ ਕਰਨ ਦੀ ਨੀਤੀ 'ਤੇ ਕਾਇਮ ਹੈ ਪਰ ਇਹ ਭਵਿੱਖ ਦੇ ਘਟਨਾਕ੍ਰਮ 'ਤੇ ਨਿਰਭਰ ਕਰੇਗਾ। ਰੱਖਿਆ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਇਮਰਾਨ ਖ਼ਾਨ ਦੀ ਬੌਖਲਾਹਟ ਇਕਦਮ ਵਧ ਗਈ। ਬੌਖਲਾਹਟ ਵਿਚ ਉਨ੍ਹਾਂ ਟਵੀਟ ਕੀਤਾ ਕਿ ਭਾਰਤ ਵਿਚ ਹਿੰਦੂਵਾਦੀ ਤਾਕਤਾਂ ਹਨ ਜਿਹੜੀਆਂ ਮੋਦੀ ਸਰਕਾਰ ਨੂੰ ਕੰਟਰੋਲ ਕਰਦੀਆਂ ਹਨ। ਉਨ੍ਹਾਂ ਦੀ ਨੀਤੀ ਵਿਚ ਬਦਲਾਅ ਦੇ ਸੰਕੇਤ ਨਾ ਸਿਰਫ਼ ਖੇਤਰ ਲਈ, ਬਲਕਿ ਪੂਰੀ ਦੁਨੀਆ ਲਈ ਖ਼ਤਰਾ ਹਨ।

ਦੱਸਣਯੋਗ ਹੈ ਕਿ ਪਾਕਿਸਤਾਨ ਖ਼ੁਦ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਦਾ ਪਾਲਣ ਕਰਨ ਦੀ ਗੱਲ ਕਦੇ ਨਹੀਂ ਕਰਦਾ, ਜਦਕਿ ਚੀਨ ਸਮੇਤ ਦੁਨੀਆ ਦੇ ਹੋਰ ਸਾਰੇ ਪਰਮਾਣੂ ਹਥਿਆਰ ਸੰਪੰਨ ਦੇਸ਼ ਇਸ ਤਰ੍ਹਾਂ ਦੀ ਨੀਤੀ ਦਾ ਪਾਲਣ ਕਰਦੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਭਾਰਤ ਦੇ ਰੱਖਿਆ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਤੇ ਗ਼ੈਰ-ਜ਼ਿੰਮੇਵਾਰਾਨਾ ਦੱਸਿਆ ਸੀ।