ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੌਕਤ ਤਰੀਨ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਹੈ। ਇਮਰਾਨ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਆਪਣੇ ਕਾਰਜਕਾਲ ’ਚ ਵਿੱਤ ਮੰਤਰੀ ਦੇ ਅਹੁਦੇ ’ਤੇ ਚੌਥੀ ਵਾਰ ਇਹ ਬਦਲਾਅ ਕੀਤਾ ਹੈ। ਪੇਸ਼ੇ ਤੋਂ ਬੈਂਕਰ ਤਰੀਨ (68) ’ਤੇ ਦੇਸ਼ ਦੇ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਉਹ ਇਸ ਤੋਂ ਪਹਿਲਾਂ 2009-10 ’ਚ ਵੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ’ਚ ਦੇਸ਼ ਦੇ ਵਿੱਤ ਮੰਤਰੀ ਰਹੇ ਸਨ ਪਰ ਕੁਝ ਸਮੇਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਸੀ। ਇਹ ਸਪੱਸ਼ਟ ਨਹੀਂ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਏਜੰਸੀ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (ਐੱਨਏਬੀ) ’ਚ ਉਨ੍ਹਾਂ ’ਤੇ ਚੱਲ ਰਹੇ ਮਾਮਲੇ ਜਾਰੀ ਹਨ ਜਾਂ ਉਹ ਖ਼ਤਮ ਹੋ ਚੁੱਕੇ ਹਨ। ਤਰੀਨ ਇਸਲਾਮਾਬਾਦ ’ਚ ਸਿਲਕ ਬੈਂਕ ਦੀ ਸਥਾਪਨਾ ਲਈ ਵੀ ਜਾਣੇ ਜਾਂਦੇ ਹਨ। ਉਹ ਰਿਸ਼ਤੇ ’ਚ ਪਾਕਿਸਤਾਨ ਦੇ ਵੱਡੇ ਖੰਡ ਕਾਰੋਬਾਰੀ ਜਹਾਂਗੀਰ ਤਰੀਨ ਦੇ ਭਰਾ ਹਨ ਜਿਨ੍ਹਾਂ ਖ਼ਿਲਾਫ਼ ਇਮਰਾਨ ਸਰਕਾਰ ਨੇ ਕੁਝ ਹਫ਼ਤੇ ਪਹਿਲਾਂ ਹੀ ਚੀਨੀ ਘਪਲੇ ਦੇ ਸਿਲਸਿਲੇ ’ਚ ਜਾਂਚ ਸ਼ੁਰੂ ਕਰਵਾਈ ਹੈ। ਇਸ ਚੀਨੀ ਘਪਲੇ ਕਾਰਨ ਦੇਸ਼ ’ਚ ਚੀਨੀ ਦੀ ਕਿੱਲਤ ਹੋ ਗਈ ਸੀ ਤੇ ਉਸ ਦੀ ਕੀਮਤ ਕਾਫੀ ਵੱਧ ਗਈ ਸੀ।

ਸ਼ੌਕਤ ਤਰੀਨ ਨੂੰ ਹਾਮਦ ਅਜ਼ਹਰ ਦੇ ਸਥਾਨ ’ਤੇ ਵਿੱਤ ਮੰਤਰੀ ਬਣਾਇਆ ਗਿਆ ਹੈ। ਹਾਮਦ ਨੂੰ ਮਾਰਚ ਦੇ ਆਖ਼ਰੀ ਦਿਨਾਂ ’ਚ ਹੀ ਡਾ. ਅਬਦੁਲ ਹਫੀਜ ਸ਼ੇਖ ਦੇ ਸਥਾਨ ’ਤੇ ਵਿੱਤ ਮੰਤਰੀ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਮਹਿੰਗਾਈ ਨੂੰ ਕਾਬੂ ਨਾ ਕਰ ਸਕਣ ’ਤੇ ਅਹੁਦੇ ਤੋਂ ਹਟਾਇਆ ਗਿਆ ਸੀ। ਸ਼ੇਖ ਤੋਂ ਪਹਿਲਾਂ 2018 ’ਚ ਅਸਦ ਉਮਰ ਵਿੱਤ ਮੰਤਰੀ ਸਨ। ਹਾਮਦ ਅਜ਼ਹਰ ਕੋਲ ਸਨਅਤ ਤੇ ਸਨਅਤੀ ਉਤਪਾਦਨ ਮੰਤਰਾਲਾ ਵੀ ਸੀ। ਇੰਨ੍ਹਾਂ ਮੰਤਰਾਲਿਆਂ ਦਾ ਇੰਚਾਰਜ ਹੁਣ ਖੁਸਰੋ ਬਖਤਿਆਰ ਨੂੰ ਬਣਾਇਆ ਗਿਆ ਹੈ। ਵਿਗਿਆਨ ਨਾਲ ਜੁਡ਼ੇ ਮਾਮਲਿਆਂ ਦੇ ਮੰਤਰੀ ਫਵਾਦ ਚੌਧਰੀ ਨੂੰ ਸੂਚਨਾ ਮੰਤਰੀ ਬਣਾਇਆ ਗਿਆ ਹੈ ਜਦੋਂਕਿ ਸ਼ਿਬਲੀ ਫਰਾਜ਼ ਨੂੰ ਵਿਗਿਆਨ ਮੰਤਰੀ ਬਣਾਇਆ ਗਿਆ ਹੈ। ਚੌਧਰੀ ਇਸ ਤੋਂ ਪਹਿਲਾਂ 2018 ’ਚ ਵੀ ਸੂਚਨਾ ਮੰਤਰੀ ਰਹਿ ਚੁੱਕੇ ਹਨ ਪਰ ਬਾਅਦ ’ਚ ਉਨ੍ਹਾਂ ਦਾ ਮੰਤਰਾਲਾ ਬਦਲ ਦਿੱਤਾ ਗਿਆ ਸੀ। ਇਮਰਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਮੰਤਰੀ ਮੰਡਲ ’ਚ ਫੇਰਬਦਲ ਕਰਦੇ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਵਿਰੋਧੀ ਧਿਰ ਦੀਆਂ ਸਖ਼ਤ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ।

Posted By: Amita Verma