ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸ਼ ਲਗਾਇਆ ਹੈ ਕਿ ਭਾਰਤ ਸ਼ਾਂਤੀ ਗੱਲਬਾਤ ਮਤੇ 'ਤੇ ਪ੍ਰਤੀਕਿਰਿਆ ਨਹੀਂ ਦੇ ਰਿਹਾ। ਦੋ ਪਰਮਾਣੂ ਸ਼ਕਤੀ ਸੰਪਨ ਦੇਸ਼ਾਂ ਵਿਚਕਾਰ ਜੰਗ ਖ਼ੁਦਕੁਸ਼ੀ ਦੇ ਬਰਾਬਰ ਹੋਵੇਗੀ। ਤੁਰਕੀ ਦੀ ਨਿਊਜ਼ ਏਜੰਸੀ ਟੀਆਰਟੀ ਵਰਲਡ ਨੂੰ ਦਿੱਤੀ ਗਈ ਇੰਟਰਵਿਊ ਦੇ ਹਵਾਲੇ ਨਾਲ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਕਿਹਾ ਹੈ ਕਿ ਖਾਨ ਨੇ ਇਕ ਵਾਰ ਮੁੜ ਭਾਰਤ ਨਾਲ ਗੱਲਬਾਤ ਦੀ ਇੱਛਾ ਦੁਹਰਾਈ ਹੈ। ਪਾਰਟੀ ਮੁਤਾਬਕ ਦੋ ਪਰਮਾਣੂ ਸ਼ਕਤੀ ਸੰਪਨ ਦੇਸ਼ਾਂ ਨੂੰ ਜੰਗ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਇੱਥੋਂ ਤੱਕ ਕਿ ਠੰਢੀ ਜੰਗ ਬਾਰੇ ਵੀ ਨਹੀਂ। ਜੰਗ ਨਾਲ ਹਮੇਸ਼ਾ ਦੋਵਾਂ ਦੇਸ਼ਾਂ ਨੂੰ ਨੁਕਸਾਨ ਹੁੰਦਾ ਹੈ। ਇਹ ਖ਼ੁਦਕੁਸ਼ੀ ਵਰਗਾ ਵੀ ਹੈ। ਸਮੱਸਿਆ ਦਾ ਹੱਲ ਸਿਰਫ਼ ਗੱਲਬਾਤ ਨਾਲ ਹੀ ਸੰਭਵ ਹੈ।

ਖਾਨ ਨੇ ਕਿਹਾ, ਅਸੀਂ ਭਾਰਤ ਨੂੰ ਕਿਹਾ ਸੀ ਕਿ ਜੇਕਰ ਉਹ ਇਕ ਕਦਮ ਚੱਲੇਗਾ ਤਾਂ ਅਸੀਂ ਦੋ ਕਦਮ ਚੱਲਣ ਲਈ ਤਿਆਰ ਹਾਂ, ਪਰ ਉਸ ਨੇ ਕਈ ਦਫ਼ਾ ਸ਼ਾਂਤੀ ਗੱਲਬਾਤ ਦੀ ਤਜਵੀਜ਼ ਨਾਮਨਜ਼ੂਰ ਕਰ ਦਿੱਤੀ ਹੈ। ਭਾਰਤ ਕਸ਼ਮੀਰ ਦੇ ਲੋਕਾਂ ਦੇ ਅਧਿਕਾਰ ਨੂੰ ਦਬਾ ਨਹੀਂ ਸਕਦਾ।

2016 'ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਭਾਰਤ 'ਚ ਹਮਲਾ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ। 2017 'ਚ ਗ਼ੁਲਾਮ ਕਸ਼ਮੀਰ 'ਚ ਭਾਰਤ ਦੀ ਸਰਜੀਕਲ ਸਟ੫ਾਈਕ ਤੋਂ ਬਾਅਦ ਸਥਿਤੀ ਹੋਰ ਖ਼ਰਾਬ ਹੋ ਗਈ। ਭਾਰਤ 'ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ' ਦੀ ਨੀਤੀ ਅਪਣਾਈ ਬੈਠਾ ਹੈ।