ਏਜੰਸੀ, ਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੀ ਵੇਚ ਦਿੱਤਾ ਹੈ। ਆਸਿਫ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਇੱਕ ਪ੍ਰੋਗਰਾਮ ਵਿੱਚ ਦੱਸਿਆ ਗਿਆ ਸੀ ਕਿ ਪੀਟੀਆਈ ਚੇਅਰਮੈਨ ਨੇ ਭਾਰਤ ਤੋਂ ਪ੍ਰਾਪਤ ਸੋਨ ਤਮਗਾ ਵੇਚ ਦਿੱਤਾ ਸੀ।

ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ ਤੋਂ ਇਮਰਾਨ ਖਾਨ ਨੂੰ ਤੋਹਫੇ ਵਜੋਂ ਦਿੱਤੀ ਗਈ ਮਹਿੰਗੀ ਘੜੀ ਦੀ ਵਿਕਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਇਮਰਾਨ 'ਤੇ ਤੋਹਫ਼ੇ ਵੇਚਣ ਦੇ ਦੋਸ਼ ਲੱਗੇ ਸਨ। ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਤੋਸ਼ਾਖਾਨਾ ਮਾਮਲੇ 'ਚ ਝੂਠਾ ਬਿਆਨ ਦੇਣ ਲਈ ਅਯੋਗ ਕਰਾਰ ਦਿੱਤਾ ਸੀ। 8 ਸਤੰਬਰ ਨੂੰ ਪੀਟੀਆਈ ਮੁਖੀ ਨੇ ਇੱਕ ਲਿਖਤੀ ਜਵਾਬ ਵਿੱਚ ਮੰਨਿਆ ਕਿ ਉਸ ਨੇ ਘੱਟੋ-ਘੱਟ ਚਾਰ ਤੋਹਫ਼ੇ ਵੇਚੇ ਹਨ। ਇਹ ਤੋਹਫੇ ਉਸ ਸਮੇਂ ਦੇ ਸਨ ਜਦੋਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਸਨ।

ਆਸਿਫ਼ ਨੇ ਦਾਅਵਾ ਕੀਤਾ ਕਿ ਪੀਟੀਆਈ ਦੇ ਮੈਂਬਰ ਉਨ੍ਹਾਂ ਦੇ ਹਲਕਿਆਂ ਦੀ ਮੰਗ ਕਰਦੇ ਸਨ ਪਰ ਮੰਗ ਪੂਰੀ ਕਰਨ ਦੀ ਬਜਾਏ ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪਿਛਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲਈ ਕਿਹਾ।

Posted By: Jaswinder Duhra