ਇਸਲਾਮਾਬਾਦ (ਆਈਏਐੱਨਐੱਸ) : ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਪਾਕਿਸਤਾਨ ਨੂੰ ਚੀਨ 'ਤੇ ਨਿਰਭਰਤਾ ਘੱਟ ਕਰਨ ਦੀ ਨਸੀਹਤ ਦਿੱਤੀ ਹੈ। ਪਾਕਿਸਤਾਨ ਦੇ ਦੌਰੇ 'ਤੇ ਆਈ ਆਈਐੱਮਐੱਫ ਟੀਮ ਨੇ ਕਿਹਾ ਹੈ ਕਿ ਇਸ ਦੇਸ਼ ਨੂੰ ਚੀਨ 'ਤੇ ਆਪਣੀ ਕਾਰੋਬਾਰੀ ਅਤੇ ਵਣਜ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ। ਨਾਲ ਹੀ, ਹੋਰ ਦੇਸ਼ਾਂ ਦੇ ਨਾਲ ਵੀ ਮੁਕਤ ਵਪਾਰ ਸਮਝੌਤੇ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਆਈਐੱਮਐੱਫ ਦੀ ਇਕ ਟੀਮ ਦੋ ਫਰਵਰੀ ਤੋਂ ਇਸਲਾਮਾਬਾਦ 'ਚ ਹੈ। ਇਹ ਟੀਮ ਛੇ ਅਰਬ ਡਾਲਰ (ਕਰੀਬ 42 ਹਜ਼ਾਰ ਕਰੋੜ ਰੁਪਏ) ਦੇ ਬੇਲਆਊਟ ਸਮਝੌਤੇ ਤਹਿਤ ਪਾਕਿਸਤਾਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਆਈ ਹੈ। ਇਸ ਬੇਲਆਊਟ ਪੈਕੇਜ ਲਈ ਪਿਛਲੇ ਸਾਲ ਜੁਲਾਈ ਵਿਚ ਸਮਝੌਤਾ ਹੋਇਆ ਸੀ। ਇਹ ਆਰਥਿਕ ਮਦਦ ਪਾਕਿਸਤਾਨ ਦੀ ਬਦਹਾਲ ਅਰਥ-ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਦਿੱਤੀ ਗਈ ਹੈ। ਪਾਕਿਸਤਾਨ ਆਈਐੱਮਐੱਫ ਦੇ ਇਲਾਵਾ ਚੀਨ ਅਤੇ ਕਈ ਖਾੜੀ ਦੇ ਦੇਸ਼ਾਂ ਤੋਂ ਵੀ ਵੱਡੀ ਆਰਥਿਕ ਮਦਦ ਲੈ ਚੁੱਕਾ ਹੈ। ਨਿਊਜ਼ ਇੰਟਰਨੈਸ਼ਨਲ ਅਖ਼ਬਾਰ ਅਨੁਸਾਰ ਆਈਐੱਮਐੱਫ ਟੀਮ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਕਾਰ ਮਾਲੀਆ ਵਧਾਉਣ ਦੇ ਮਸਲੇ 'ਤੇ ਚਰਚਾ ਹੋਈ। ਵਿੱਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਚੀਨ ਤੇ ਪਾਕਿਸਤਾਨ ਦੀ ਜ਼ਿਆਦਾ ਨਿਰਭਰਤਾ ਵਿਚ ਕਮੀ ਲਿਆਉਣ ਦੇ ਮਸਲੇ 'ਤੇ ਦੋਵਾਂ ਪੱਖਾਂ ਵਿਚ ਮਤਭੇਦ ਦੇਖਣ ਨੂੰ ਮਿਲਿਆ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਇਨਕਾਰ ਕੀਤਾ ਹੈ।

ਦੱਸਣਯੋਗ ਹੈ ਕਿ ਚੀਨ 'ਤੇ ਪਾਕਿਸਤਾਨ ਦੀ ਨਿਰਭਰਤਾ ਨਿਰੰਤਰ ਵੱਧਦੀ ਜਾ ਰਹੀ ਹੈ। 60 ਅਰਬ ਡਾਲਰ (ਕਰੀਬ ਚਾਰ ਲੱਖ 20 ਹਜ਼ਾਰ ਕਰੋੜ ਰੁਪਏ) ਦੀ ਲਾਗਤ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਾਕਿਸਤਾਨ ਇਸ ਤਰ੍ਹਾਂ ਦੇ ਸਾਰੇ ਪ੍ਰਰਾਜੈਕਟਾਂ ਲਈ ਚੀਨ ਤੋਂ ਕਰਜ਼ਾ ਲੈ ਰਿਹਾ ਹੈ। ਅਮਰੀਕਾ ਵੀ ਆਗਾਹ ਕਰ ਚੁੱਕਾ ਹੈ ਕਿ ਪਾਕਿਸਤਾਨ ਚੀਨੀ ਕਰਜ਼ੇ ਦੇ ਜਾਲ ਵਿਚ ਫੱਸ ਸਕਦਾ ਹੈ।