ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੇ 159 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈਣ ਵਾਲਾ ਕੋਰੋਨਾ ਵਾਇਰਸ ਪਾਕਿਸਤਾਨ 'ਚ ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਇੱਥੇ ਹੁਣ ਤਕ 237 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਦੇ ਅਖ਼ਬਾਰ ਡੌਨ ਮੁਤਾਬਿਕ ਇਸ ਦਾ ਸਭ ਤੋਂ ਵੱਧ ਪ੍ਰਕੋਪ ਸਿੰਧ ਸੂਬੇ 'ਚ ਦਿਖਾਈ ਦੇ ਰਿਹਾ ਹੈ ਜਿੱਥੇ ਇਸ ਦੇ 172 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੰਜਾਬ 'ਚ 26, ਬਲੂਚਿਸਤਾਨ 'ਚ 16, ਖੈਬਰ ਪਖ਼ਤੂਨਖ਼ਵਾ 'ਚ 16, ਮਕਬੂਜ਼ਾ ਕਸ਼ਮੀਰ 'ਚ 5 ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਦੇ ਮਨ ਵਿਚ ਵੀ ਹੁਣ ਇਸ ਦਾ ਵਧਦਾ ਕਹਿਰ ਚਿੰਤਾ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ। ਇਸੇ ਲਈ ਮੰਗਲਵਾਰ ਰਾਤ ਨੂੰ ਉਨ੍ਹਾਂ ਟੀਵੀ 'ਤੇ ਆ ਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ।

ਹਾਲਾਂਕਿ ਜਦੋਂ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਤੇ ਇਸ ਦੀਆਂ ਤਿਆਰੀਆਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰਕ ਦੇਸ਼ਾਂ ਨੂੰ ਇਕਜੁੱਟ ਕੀਤਾ ਸੀ ਉਸ ਵੇਲੇ ਵੀ ਇਸ ਵਿਚ ਸ਼ਾਮਲ ਨਹੀਂ ਹੋਏ ਸਨ। ਉਸ ਵੇਲੇ ਇਸ ਦੇ ਲਈ ਉਨ੍ਹਾਂ ਆਪਣੇ ਖ਼ਾਸ ਸਲਾਹਕਾਰ ਤੇ ਸਿਹਤ ਮਾਮਲਿਆਂ ਦੇ ਰਾਜ ਮੰਤਰੀ ਜਫ਼ਰ ਮਿਰਜ਼ਾ ਨੂੰ ਭੇਜਿਆ ਸੀ। ਲਿਹਾਜ਼ਾ, ਹੁਣ ਉਨ੍ਹਾਂ ਨੂੰ ਇਸ ਵਾਇਰਸ ਦੇ ਵਧਣ ਦੀ ਆਹਟ ਜ਼ਰੂਰ ਸੁਣਾਈ ਦੇ ਰਹੀ ਹੈ।

ਡੌਨ ਮੁਤਾਬਿਕ ਟੀਵੀ 'ਤੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਪੱਸ਼ਟ ਕਿਹਾ ਕਿ ਪਾਕਿਸਤਾਨ 'ਚ ਹਰ ਚੀਜ਼ ਦੂਸਰੇ ਦੇਸ਼ਾਂ ਦੀ ਤਰ੍ਹਾਂ ਬੰਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਾਕਿਸਤਾਨ ਬੇਹੱਦ ਗ਼ਰੀਬ ਮੁਲਕ ਹਨ। ਜੇਕਰ ਅਜਿਹਾ ਕੀਤਾ ਗਿਆ ਤਾਂ ਜਿਹੜੇ ਆਰਥਿਕ ਹਾਲਾਤ ਪਹਿਲਾਂ ਤੋਂ ਹੀ ਬੇਹੱਦ ਖ਼ਰਾਬ ਹਨ, ਉਹ ਬੁਰੀ ਤਰ੍ਹਾਂ ਨਾਲ ਬੇਕਾਬੂ ਹੋ ਜਾਣਗੇ। ਇਸ ਦਾ ਸਿੱਧਾ ਅਰਥ ਹੈ ਕਿ ਪਾਕਿਸਤਾਨ 'ਚ ਸਿਨੇਮਾਹਾਲ, ਬਾਜ਼ਾਰ, ਸ਼ੌਪਿੰਗ ਮਾਲ, ਸਕੂਲ-ਕਾਲਜ ਜਾਂ ਹੋਰ ਦੂਸਰੀਆਂ ਜਗ੍ਹਾ ਜਿੱਥੇ ਭੀੜ ਹੋਣ ਕਾਰਨ ਇਸ ਵਾਇਰਸ ਦੇ ਫੈਲਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ ਉਹ ਬੰਦ ਨਹੀਂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਜਿਹਾ ਕੀਤਾ ਤਾਂ ਇੱਥੋਂ ਦੇ ਲੋਕ ਭੁੱਖੇ ਮਰ ਜਾਣਗੇ। ਹਾਲਾਂਕਿ, ਸਿੰਧ ਨੇ ਇਸ 'ਤੇ ਪਹਿਲਾਂ ਹੀ ਇਮਰਾਨ ਖ਼ਾਨ ਦੇ ਬਿਆਨ ਦੇ ਉਲਟ ਫ਼ੈਸਲਾ ਲੈਂਦੇ ਹੋਏ ਆਪਣੇ ਇੱਥੋਂ ਇਨ੍ਹਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ।

ਇਮਰਾਨ ਖ਼ਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਨੂੰ ਬਚਾਉਣ ਲਈ ਸਾਰੇ ਸੁਰੱਖਿਆ ਉਪਾਅ ਕਰਨ। ਇਸ ਦੇ ਲਈ ਉਨ੍ਹਾਂ ਧਰਮ ਗੁਰੂਆਂ ਦੀ ਵੀ ਮਦਦ ਮੰਗੀ ਹੈ। ਪੀਐੱਮ ਇਮਰਾਨ ਖ਼ਾਨ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਕ ਇਕਨਾਮਿਕ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਯਕੀਨੀ ਬਣਾਏਗੀ ਕਿ ਅਜਿਹੇ ਖ਼ਰਾਬ ਹਾਲਾਤ 'ਚ ਕੋਈ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖੋਰੀ ਨਾ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦਾ ਵਪਾਰਕ ਹੱਬ ਅਖਵਾਉਂਦੇ ਕਰਾਚੀ 'ਚ 38 ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖੋਰੀ ਕਰਨ ਦੇ ਜੁਰਮ ਹੇਠ ਹੁਣ ਤਕ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Posted By: Seema Anand