ਲਾਹੌਰ (ਪੀਟੀਆਈ) : ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ (ਏਟੀਸੀ) ਨੇ ਗੁਰਦੁਆਰਾ ਨਨਕਾਣਾ ਸਾਹਿਬ 'ਚ ਭੰਨ-ਤੋੜ 'ਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਲਾਹੌਰ ਨੇੜੇ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਗੁਰਦੁਆਰਾ ਜਨਮ ਅਸਥਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਧਰਮ ਦੇ ਨਾਂ 'ਤੇ ਗੁਰਦੁਆਰੇ 'ਤੇ ਪਥਰਾਅ ਕੀਤਾ ਗਿਆ ਸੀ ਤੇ ਗੁਰਦੁਆਰੇ ਨੂੰ ਨਸ਼ਟ ਕਰਨ ਦੀ ਧਮਕੀ ਦਿੱਤੀ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਦੀ ਏਟੀਸੀ ਅਦਾਲਤ ਨੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਦੋ ਹੋਰਨਾਂ ਦੋਸ਼ੀਆਂ ਮੁਹੰਮਦ ਸਲਮਾਨ ਤੇ ਮੁਹੰਮਦ ਅਹਿਮਦ ਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਚਾਰ ਹੋਰਨਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਜ਼ਾ ਸੁਣਾਏ ਜਾਣ ਵੇਲੇ ਸਾਰੇ ਮੁਲਜ਼ਮ ਅਦਾਲਤ ਵਿਚ ਹਾਜ਼ਰ ਸਨ। ਇਮਰਾਨ ਚਿਸ਼ਤੀ ਸਰਕਾਰੀ ਮੁਲਾਜ਼ਮ ਹੈ ਅਤੇ ਉਹ ਮੁਹੰਮਦ ਹਸਨ ਦਾ ਵੱਡਾ ਭਰਾ ਹੈ। ਹਸਨ ਨੇ ਕਥਿਤ ਤੌਰ 'ਤੇ ਗੁਰਦੁਆਰੇ ਦੇ ਗ੍ੰਥੀ ਦੀ ਕੁੜੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਇਸਲਾਮ ਕਬੂਲ ਕਰਵਾਉਣ ਲਈ ਮਜਬੂਰ ਕਰ ਕੇ ਸਤੰਬਰ 2019 'ਚ ਨਿਕਾਹ ਕਰ ਲਿਆ ਸੀ। ਇਸ ਤੋਂ ਬਾਅਦ ਨਨਕਾਣਾ ਸਾਹਿਬ 'ਚ ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਲੋਕ ਆਹਮਣੇ-ਸਾਹਮਣੇ ਆ ਗਏ ਸਨ। ਫ਼ਿਲਹਾਲ ਜਗਜੀਤ ਕੌਰ ਲਾਹੌਰ ਦੇ ਸਰਕਾਰੀ ਆਸਰਾ ਘਰ ਵਿਚ ਰਹਿ ਰਹੀ ਹੈ। ਉਸ ਦਾ ਨਵਾਂ ਨਾਂ ਆਇਸ਼ਾ ਹੈ। ਉਸ ਨੇ ਕਥਿਤ ਤੌਰ 'ਤੇ ਦਬਾਰਾ ਸਿੱਖ ਧਰਮ ਗ੍ਹਿਣ ਕਰਨ ਤੇ ਘਰ ਪਰਤਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ-ਪ੍ਰਸ਼ਾਸਨ ਨੇ ਹਸਨ 'ਤੇ ਉਸ ਨੂੰ ਤਲਾਕ ਦੇਣ ਦਾ ਦਬਾਅ ਬਣਾਇਆ ਹੈ।