ਨਵੀਂ ਦਿੱਲੀ (ਆਈਏਐੱਨਐੱਸ) : ਪਾਕਿਸਤਾਨ ’ਚ ਹਿੰਦੂ ਭਾਈਚਾਰੇ ਨੇ ਦਸੰਬਰ 2020 ’ਚ ਕਰਕ ਜ਼ਿਲ੍ਹੇ ’ਚ ਇਕ ਮੰਦਰ ’ਚ ਹਮਲੇ ’ਚ ਸ਼ਾਮਲ 11 ਮਜ਼ਹਬੀ ਕੱਟੜਪੰਥੀਆਂ ’ਤੇ ਲਾਏ ਗਏ ਜੁਰਮਾਨੇ ਦੀ ਰਕਮ ਅਦਾ ਕੀਤੀ। ਇਹ ਰਕਮ ਆਲ ਪਾਕਿਸਤਾਨ ਹਿੰਦੂ ਕੌਂਸਲ ਦੇ ਫੰਡ ’ਚੋਂ ਦਿੱਤੀ ਗਈ। ਐਕਸਪ੍ਰੈੱਸ ਟਿ੍ਰਬਿਊਨ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਖ਼ੈਬਰ ਪਖ਼ਤੂਨਖਵਾ ’ਚ ਤੋੜੇ ਗਏ ਮੰਦਰ ਦੇ ਮੁੜ ਨਿਰਮਾਣ ਲਈ ਮੁਲਜ਼ਮਾਂ ਤੋਂ 3.3 ਕਰੋੜ ਰੁਪਏ ਦੀ ਵਸੂਲੀ ਦਾ ਆਦੇਸ਼ ਦਿੱਤਾ ਸੀ। ਇਸ ਹਮਲੇ ’ਚ ਸ਼ਾਮਲ ਸਥਾਨਕ ਕੱਟੜਪੰਥੀ ਮੰਦਰ ਦੇ ਮੁੜ ਨਿਰਮਾਣ ’ਚ ਅੜਿੱਕਾ ਡਾਹ ਰਹੇ ਹਨ। ਮੰਦਰ ਦਾ ਨਿਰਮਾਣ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਪਰ ਇਕ ਸਥਾਨਕ ਆਗੂ ਤੇ ਉਸ ਦੇ ਹਮਾਇਤੀ ਇਸ ਆਧਾਰ ’ਤੇ ਵਿਰੋਧ ’ਚ ਲੱਗੇ ਹਨ ਕਿ ਮੰਦਰ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੇ ਠੇਕੇਦਾਰ ਨੂੰ ਮੰਦਰ ਦੇ ਬਰਾਂਡੇ ਦੇ ਅੱਗੇ ਇਕ ਕੰਧ ਬਣਾਉਣ ਲਈ ਵੀ ਕਿਹਾ ਹੈ। ਇਸ ਦੇ ਉਲਟ ਹਿੰਦੂ ਭਾਈਚਾਰੇ ਨੇ ਭੰਨਤੋੜ ’ਚ ਸ਼ਾਮਲ ਰਹੇ ਲੋਕਾਂ ’ਤੇ ਲੱਗੇ ਜੁਰਮਾਨੇ ਦੇ ਰਕਮ ਅਦਾ ਕਰ ਕੇ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

Posted By: Susheel Khanna