ਸਿਆਲਕੋਟ (ਏਐੱਨਆਈ) : ਪਾਕਿਸਤਾਨ ਦੇ ਸਿਆਲਕੋਟ 'ਚ 72 ਸਾਲਾਂ ਤੋਂ ਬੰਦ ਹਿੰਦੂ ਮੰਦਰ ਨੂੰ ਮੁੜ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਮੰਦਰ ਨੂੰ ਭਾਰਤ-ਪਾਕਿ ਵੰਡ ਸਮੇਂ 1947 'ਚ ਸੀਲ ਕਰ ਦਿੱਤਾ ਗਿਆ ਸੀ। ਇਕ ਹਜ਼ਾਰ ਸਾਲ ਪੁਰਾਣੇ ਇਸ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਨੇ ਕਰਵਾਇਆ ਸੀ।

ਸਥਾਨਕ ਮੀਡੀਆ ਮੁਤਾਬਕ, ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਿਰਦੇਸ਼ 'ਤੇ ਮੰਦਰ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਖੇਤਰ ਦੇ ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ ਕਿ ਲੋਕ ਕਦੀ ਵੀ ਇੱਥੇ ਆਉਣ ਲਈ ਆਜ਼ਾਦ ਹਨ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਮੰਦਰ ਦਾ ਮੁੜਨਿਰਮਾਣ ਤੇ ਸਾਂਭ ਸੰਭਾਲ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। 27 ਸਾਲ ਪਹਿਲਾਂ ਤਕ ਮੰਦਰ ਕਾਂਪਲੈਕਸ 'ਚ ਸ਼ਰਧਾਲੂਆਂ ਦਾ ਆਉਣਾ ਲੱਗਾ ਰਹਿੰਦਾ ਸੀ। ਪਰ 1992 'ਚ ਭਾਰਤ 'ਚ ਅਯੁੱਧਿਆ 'ਚ ਵਿਵਾਦਤ ਢਾਂਚਾ ਢਾਹੁਣ ਮਗਰੋਂ ਇਸ ਮੰਦਰ 'ਤੇ ਵੀ ਸ਼ਰਾਰਤੀ ਅਨਸਰਾਂ ਨੇ ਹੱਲਾ ਬੋਲ ਦਿੱਤਾ ਸੀ। ਇਸ ਤੋਂ ਬਾਅਦ ਇੱਥੇ ਸ਼ਰਧਾਲੂਆਂ ਦਾ ਆਉਣਾ ਵੀ ਬੰਦ ਹੋ ਗਿਆ ਸੀ।