ਲਾਹੌਰ (ਏਐੱਨਆਈ) : ਕੋਰੋਨਾ ਮਹਾਮਾਰੀ ਦੇ ਕਾਲ ਵਿਚ ਜਦੋਂ ਦੁਨੀਆ ਭਰ ਦੇ ਦੋਸ਼ਾਂ ਵਿਚ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੀਆਂ ਹਨ ਤਦ ਪਾਕਿਸਤਾਨ ਵਿਚ ਸਰਕਾਰ ਦੇ ਇਸ਼ਾਰੇ 'ਤੇ ਹਿੰਦੂਆਂ ਦੀ ਬਸਤੀ ਉਜਾੜ ਦਿੱਤੀ ਗਈ। ਬਹਾਵਲਪੁਰ ਵਿਚ ਇਮਰਾਨ ਸਰਕਾਰ ਦੇ ਆਵਾਸ ਮੰਤਰੀ ਤਾਰਿਕ ਬਸ਼ੀਰ ਚੀਮਾ ਦੀ ਅਗਵਾਈ ਵਿਚ ਹਿੰਦੂਆਂ ਦੇ ਘਰ ਡੇਗ ਦਿੱਤੇ ਗਏ। ਸਖ਼ਤ ਗਰਮੀ ਵਿਚ ਚਲਾਈ ਗਈ ਇਸ ਮੁਹਿੰਮ ਦੌਰਾਨ ਦੇਸ਼ ਦੇ ਮੁੱਖ ਸੂਚਨਾ ਅਧਿਕਾਰੀ ਸ਼ਾਹਿਦ ਖੋਖਰ ਵੀ ਮੌਜੂਦ ਸਨ।

ਔਰਤਾਂ, ਬੱਚੇ ਅਤੇ ਮਰਦ ਹੁਕਮਰਾਨਾਂ ਦੇ ਸਾਹਮਣੇ ਮਿੰਨਤਾਂ ਕਰਦੇ ਰਹੇ ਪ੍ਰੰਤੂ ਇਨ੍ਹਾਂ ਲੋਕਾਂ ਨੇ ਕੋਈ ਦਇਆ ਨਹੀਂ ਦਿਖਾਈ। ਹਿੰਦੂਆਂ ਦੇ ਘਰਾਂ 'ਤੇ ਬੁਲਡੋਜ਼ਰ ਚੱਲਣ ਦੀਆਂ ਦਰਦਨਾਕ ਤਸਵੀਰਾਂ ਦੇਖ ਕੇ ਹਰ ਕੋਈ ਦਹਿਲ ਗਿਆ। ਇਹ ਘਟਨਾ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਸਰਕਾਰ ਦੀ ਨਾਕਾਮੀ ਦਾ ਭਾਂਡਾ ਭੰਨਣ ਦੇ ਕੁਝ ਦਿਨ ਬਾਅਦ ਹੀ ਸਾਹਮਣੇ ਆਈ ਹੈ। ਹਾਲ ਹੀ ਵਿਚ ਇਸੇ ਤਰ੍ਹਾਂ ਦੀ ਇਕ ਘਟਨਾ ਪੰਜਾਬ ਸੂਬੇ ਦੇ ਖਾਨਵੇਲ ਜ਼ਿਲ੍ਹੇ ਵਿਚ ਵਾਪਰ ਚੁੱਕੀ ਹੈ। ਉੱਥੇ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਇਕ ਪ੍ਰਭਾਵਸ਼ਾਲੀ ਆਗੂ ਦੇ ਇਸ਼ਾਰੇ 'ਤੇ ਈਸਾਈ ਭਾਈਚਾਰੇ ਦੇ ਘਰਾਂ ਅਤੇ ਕਬਰਿਸਤਾਨ ਨੂੰ ਉਜਾੜ ਦਿੱਤਾ ਗਿਆ। ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਅਜਿਹੀਆਂ ਘਟਨਾਵਾਂ ਲਈ ਕਾਫ਼ੀ ਸਮਾਂ ਪਹਿਲੇ ਤੋਂ ਬਦਨਾਮ ਹੈ। ਸਿੰਧ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਅਜਿਹੀਆਂ ਬੇਸ਼ੁਮਾਰ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰ ਕੇ ਮੁਸਲਮਾਨਾਂ ਨਾਲ ਨਿਕਾਹ ਕਰਵਾ ਦਿੱਤਾ ਜਾਂਦਾ ਹੈ।

ਪਾਕਿਸਤਾਨ ਦੀਆਂ ਵੱਖ-ਵੱਖ ਸਰਕਾਰਾਂ ਨੇ ਕਈ ਮੌਕਿਆਂ 'ਤੇ ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ ਪ੍ਰੰਤੂ ਘੱਟ ਗਿਣਤੀਆਂ 'ਤੇ ਵੱਡੇ ਪੈਮਾਨੇ 'ਤੇ ਇਸ ਤਰ੍ਹਾਂ ਦੇ ਹਮਲੇ ਇਕ ਅਲੱਗ ਦਾਸਤਾਨ ਬਿਆਨ ਕਰਦੇ ਹਨ। ਪਾਕਿਸਤਾਨ 'ਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਹਮੇਸ਼ਾ ਤੋਂ ਭੇਦਭਾਵ ਹੁੰਦਾ ਰਿਹਾ ਹੈ। ਘੱਟ ਗਿਣਤੀਆਂ ਨਾਲ ਹਿੰਸਾ, ਸਮੂਹਿਕ ਹੱਤਿਆਵਾਂ, ਅਗਵਾ, ਜਬਰ ਜਨਾਹ, ਇਸਲਾਮ ਵਿਚ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਬਹੁਤ ਆਮ ਹਨ। ਇਨ੍ਹਾਂ ਵਿਚ ਹਿੰਦੂ, ਈਸਾਈ, ਸਿੱਖ, ਅਹਿਮਦੀਆ ਅਤੇ ਸ਼ੀਆ ਫਿਰਕੇ ਦੇ ਲੋਕ ਅੱਤਿਆਚਾਰ ਦਾ ਸ਼ਿਕਾਰ ਹੁੰਦੇ ਹਨ।