ਪਿਸ਼ਾਵਰ (ਪੀਟੀਆਈ) : ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸਥਿਤ ਪਿਸ਼ਾਵਰ ਦੇ ਪੁਰਾਤੱਤਵ ਵਿਭਾਗ ਨੇ ਕਿਹਾ ਹੈ ਕਿ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ’ਚ ਮੌਨਸੂਨੀ ਬਾਰਿਸ਼ ਕਾਰਨ ਵੱਖ-ਵੱਖ ਇਲਾਕਿਆਂ ’ਚ ਪੁਰਾਤੱਤਵ ਵਿਭਾਗ ਦੀਆਂ ਇਮਾਰਤਾਂ ਤਬਾਹ ਹੋ ਗਈਆਂ ਹਨ। ਇਨ੍ਹਾਂ ਇਮਾਰਤਾਂ ’ਚ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਤੇ ਦਲੀਪ ਕੁਮਾਰ ਦੇ ਪੁਸ਼ਤੈਨੀ ਮਕਾਨ ਵੀ ਨੁਕਸਾਨੇ ਜਾ ਚੁੱਕੇ ਹਨ।

ਇਹ ਪੁਸ਼ਤੈਨੀ ਹਵੇਲੀਆਂ ਪਹਿਲਾਂ ਤੋਂ ਹੀ ਮਾੜੀ ਹਾਲਤ ’ਚ ਸਨ ਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਨੂੰ ਰਾਸ਼ਟਰੀ ਵਿਰਾਸਤ ਐਲਾਨ ਦਿੱਤਾ ਸੀ। ਨਾਲ ਹੀ ਇਨ੍ਹਾਂ ਦੋਵਾਂ ਭਾਰਤੀ ਅਦਾਕਾਰਾਂ ਦੇ ਸਨਮਾਨ ’ਚ ਇਨ੍ਹਾਂ ਦੋਵਾਂ ਪ੍ਰਾਚੀਨ ਹਵੇਲੀਆਂ ਨੂੰ ਮਿਊਜ਼ੀਅਮ ’ਚ ਬਦਲੇ ਜਾਣ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਾਰਿਸ਼ ਤੇ ਪਾਣੀ ਭਰਨ ਕਾਰਨ ਦਲੀਪ ਕੁਮਾਰ ਤੇ ਰਾਜ ਕਪੂਰ ਦੀਆਂ ਪੁਸ਼ਤੈਨੀ ਹਵੇਲੀਆਂ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਖੈਬਰ ਪਖ਼ਤੂਨਖਵਾ ਦੇ ਪੁਰਾਤੱਤਵ ਵਿਭਾਗ ਵੱਲੋਂ ਇਨ੍ਹਾਂ ਹਵੇਲੀਆਂ ’ਚ ਮੁਰੰਮਤ ਦਾ ਕੰਮ ਹਾਲੇ ਸ਼ੁਰੂ ਕੀਤਾ ਜਾਣਾ ਹੈ। ਧਿਆਨ ਰਹੇ ਕਿ ਰਾਜ ਕਪੂਰ ਦਾ ਦੇਹਾਂਤ 1988 ’ਚ ਹੋਇਆ ਸੀ ਜਦੋਂ ਉਹ 63 ਸਾਲ ਦੇ ਸਨ। ਜਦਕਿ ਦਲੀਪ ਕੁਮਾਰ (ਯੂਸਫ ਖ਼ਾਨ) ਦਾ ਦੇਹਾਂਤ ਲੰਬੀ ਬਿਮਾਰੀ ਤੋਂ ਬਾਅਦ ਕੁਝ ਹੀ ਦਿਨ ਪਹਿਲਾਂ 98 ਵਰ੍ਹਿਆਂ ਦੀ ਉਮਰ ’ਚ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਮੋਹਲੇਧਾਰ ਬਾਰਿਸ਼ ਨਾਲ ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਕਈ ਇਲਾਕਿਆਂ ’ਚ ਹਡ਼੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਹਨ।

Posted By: Tejinder Thind