ਲਾਹੌਰ (ਪੀਟੀਆਈ) : ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਬੁੱਧਵਾਰ ਨੂੰ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਚਾਰ ਚੋਟੀ ਦੇ ਆਗੂਆਂ ਨੂੰ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਵਿਚ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਸਾਲਾ ਵੀ ਸ਼ਾਮਲ ਹੈ।

ਸੁਣਵਾਈ ਪਿੱਛੋਂ ਅਦਾਲਤ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਫਿਜ਼ ਅਬਦੁੱਲ ਰਹਿਮਾਨ ਮੱਕੀ (ਹਾਫਿਜ਼ ਸਈਦ ਦਾ ਸਾਲਾ), ਯਾਹੀਆ ਮੁਜਾਹਿਦ (ਜਮਾਤ-ਉਦ-ਦਾਵਾ ਦਾ ਬੁਲਾਰਾ), ਜ਼ਫਰ ਇਕਬਾਲ ਅਤੇ ਮੁਹੰਮਦ ਅਸ਼ਰਫ 'ਤੇ ਚਾਰ ਹੋਰ ਮਾਮਲਿਆਂ ਵਿਚ ਅੱਤਵਾਦੀ ਫੰਡਿੰਗ ਦੇ ਦੋਸ਼ ਤੈਅ ਕੀਤੇ ਗਏ। ਇਨ੍ਹਾਂ ਚਾਰਾਂ ਨੂੰ ਕੋਟ ਲਖਪਤ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਅਦਾਲਤ ਲਿਆਂਦਾ ਗਿਆ। ਅਧਿਕਾਰੀ ਨੇ ਦੱਸਿਆ ਕਿ ਜੱਜ ਇਜ਼ਾਜ਼ ਅਹਿਮਦ ਬਤਰ ਨੇ ਪ੍ਰਰਾਸੀਕਿਊਸ਼ਨ ਨੂੰ ਵੀਰਵਾਰ ਨੂੰ ਹੋਣ ਵਾਲੀ ਮਾਮਲੇ ਦੀ ਅਗਲੀ ਸੁਣਵਾਈ ਵਿਚ ਗਵਾਹਾਂ ਨੂੰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।

ਦੱਸਣਯੋਗ ਹੈ ਕਿ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਪਿਛਲੇ ਮਹੀਨੇ ਜ਼ਫਰ ਇਕਬਾਲ ਅਤੇ ਹਾਫਿਜ਼ ਅਬਦੁਸ ਸਾਲਮ ਨੂੰ 16 ਸਾਲ ਤੋਂ ਜ਼ਿਆਦਾ ਕੈਦ ਦੀ ਸਜ਼ਾ ਸੁਣਾਈ ਸੀ। ਉਧਰ, ਮੱਕੀ ਨੂੰ ਅੱਤਵਾਦੀ ਫੰਡਿੰਗ ਦੇ ਇਕ ਹੋਰ ਮਾਮਲੇ ਵਿਚ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਫਰਵਰੀ ਵਿਚ ਸਈਦ ਨੂੰ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਵਿਚ 11 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਸਈਦ ਅਤੇ ਉਸ ਦੇ ਕਰੀਬੀ ਸਹਿਯੋਗੀ ਜ਼ਫਰ ਇਕਬਾਲ ਨੂੰ ਦੋ ਮਾਮਲਿਆਂ ਵਿਚ ਸਾਢੇ ਪੰਜ ਸਾਲ ਕੈਦ ਯਾਨੀ 11 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਈਦ ਇਸ ਸਮੇਂ ਕੋਟ ਲਖਪਤ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ।