ਲਾਹੌਰ (ਪੀਟੀਆਈ) : ਮੁੰਬਈ ਹਮਲੇ ਦੇ ਮਾਸਟਰਮਾਈਂਡ ਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਅਦ ਦੇ ਮੁੱਦੇ 'ਤੇ ਇਕ ਵਾਰ ਫਿਰ ਪਾਕਿਸਤਾਨ ਦਾ ਨਾਟਕ ਤੇ ਦੋਹਰਾ ਕਿਰਦਾਰ ਸਾਹਮਣੇ ਆਇਆ ਹੈ। ਸ਼ਨਿਚਰਵਾਰ ਨੂੰ ਲਾਹੌਰ ਸਥਿਤ ਅੱਤਵਾਦ ਰੋਕੂ ਅਦਾਲਤ (ਏਟੀਸੀ) ਉਸ ਖ਼ਿਲਾਫ਼ ਅੱਤਵਾਦ ਦੇ ਵਿੱਤੀ ਪੋਸ਼ਣ ਨਾਲ ਸਬੰਧ ਦੋਸ਼ ਤੈਅ ਨਹੀਂ ਕਰ ਸਕੀ, ਕਿਉਂਕਿ ਇਸ ਹਾਈ ਪ੍ਰੋਫਾਈਲ ਸੁਣਵਾਈ 'ਚ ਇਕ ਸਹਿ-ਮੁਲਜ਼ਮ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਇਹ ਘਟਨਾਕ੍ਰਮ ਭਾਰਤ ਦੇ ਉਸ ਦੇ ਪ੍ਰਤੀਕਰਮ ਦੇ ਇਕ ਦਿਨ ਬਾਅਦ ਸਾਹਮਣੇ ਆਇਆ ਹੈ, ਜਿਸ 'ਚ ਭਾਰਤ ਨੇ ਕਿਹਾ ਕਿ ਮੁੰਬਈ ਹਮਲੇ ਦਾ ਮਾਸਟਰਮਾਈਂਡ ਪਾਕਿਸਤਾਨ 'ਚ ਨਾ ਸਿਰਫ ਬੇਰੋਕ ਟੋਕ ਘੁੰਮ ਰਿਹਾ ਹੈ, ਬਲਕਿ ਉਸ ਦੀ ਮਹਿਮਾਨ ਨਿਵਾਜ਼ੀ ਦਾ ਲੁਤਫ਼ ਵੀ ਲੈ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਕਿਹਾ ਕਿ ਭਾਰਤ ਨੇ ਸਈਅਦ ਨਾਲ ਸਬੰਧਤ ਸਾਰੇ ਸਬੂਤ ਪਾਕਿਸਤਾਨ ਨੂੰ ਸੌਂਪ ਦਿੱਤੇ ਹਨ ਤੇ ਹੁਣ ਹਮਲੇ ਦੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ।

ਏਟੀਸੀ ਨੇ ਕਿਹਾ ਲਕਸ਼ਰ-ਏ-ਤਾਇਬਾ ਦੇ ਸੰਸਥਾਪਕ ਤੇ ਹੋਰ ਮੁਲਜ਼ਮ ਮਲਿਕ ਜਫਰ ਇਕਬਾਲ ਖ਼ਿਲਾਫ਼ ਦੋਸ਼ਾਂ ਨੂੰ ਤੈਅ ਕਰਨ ਲਈ ਹੁਣ 11 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਅਦਾਲਤ 'ਚ ਹੋਈ ਸੁਣਵਾਈ ਤੋਂ ਬਾਅਦ ਇਕ ਨਿਆਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਅੱਤਵਾਦੀ ਰੋਕੂ ਵਿਭਾਗ ਦੀ ਐੱਫਆਰਆਈ ਤਹਿਤ ਹਾਫਿਜ਼ ਸਈਅਦ ਤੇ ਹੋਰ ਖ਼ਿਲਾਫ਼ ਦੋਸ਼ ਤੈਅ ਹੋਣੇ ਸਨ ਪਰ ਸਹਿ-ਮੁਲਜ਼ਮ ਮਲਿਕ ਜਫਰ ਇਕਬਾਲ ਨੂੰ ਜੇਲ੍ਹ ਤੋਂ ਲਿਆਂਦਾ ਨਹੀਂ ਜਾ ਸਕਿਆ। ਇਸ ਕਾਰਨ ਹੁਣ 11 ਦਸੰਬਰ ਨੂੰ ਦੋਸ਼ ਤੈਅ ਕੀਤੇ ਜਾਣਗੇ। ਸਖਤ ਸੁਰੱਖਿਆ ਵਿਚਾਲੇ ਸਈਅਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਤੋਂ ਅਦਾਲਤ 'ਚ ਲਿਆਂਦਾ ਗਿਆ। ਸੁਰੱਖਿਆ ਕਾਰਨ ਪੱਤਰਕਾਰਾਂ ਨੂੰ ਅਦਾਲਤੀ ਕੰਪਲੈਕਸ 'ਚ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ। ਦੱਸਣਯੋਗ ਹੈ ਕਿ ਪਹਿਲੀ ਦਸੰਬਰ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਈਅਦ ਤੇ ਹੋਰ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਤਰੀਕ ਸੱਤ ਦਸੰਬਰ ਤੈਅ ਕੀਤੀ ਸੀ।