ਇਸਲਾਮਾਬਾਦ (ਪੀਟੀਆਈ) : ਗਿਲਗਿਤ-ਬਾਲਤਿਸਤਾਨ ਵਿਚ ਜਨਰਲ ਚੋਣ 18 ਅਗਸਤ ਨੂੰ ਹੋਵੇਗੀ। ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਇਸ ਦੀ ਇਜਾਜ਼ਤ ਦੇਣ ਪਿੱਛੋਂ ਸਰਕਾਰ ਨੇ ਚੋਣ ਤਰੀਕ ਦਾ ਐਲਾਨ ਕੀਤਾ। ਭਾਰਤ ਸਰਕਾਰ ਦੇ ਸਖ਼ਤ ਇਤਰਾਜ਼ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਚੋਣ ਦਾ ਇਹ ਐਲਾਨ ਕੀਤਾ। ਭਾਰਤ ਇਸ ਇਲਾਕੇ ਨੂੰ ਆਪਣਾ ਇਲਾਕਾ ਦੱਸਦਾ ਹੈ।

ਪਾਕਿਸਤਾਨੀ ਸੁਪਰੀਮ ਕੋਰਟ ਨੇ 30 ਅਪ੍ਰੈਲ ਨੂੰ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਉਹ 2018 ਦੇ ਪ੍ਰਸ਼ਾਸਨਿਕ ਆਦੇਸ਼ 'ਚ ਸੋਧ ਕਰ ਕੇ ਉੱਥੇ ਜਨਰਲ ਚੋਣ ਕਰਵਾਏ। ਰਾਸ਼ਟਰਪਤੀ ਆਰਿਫ ਅਲਵੀ ਨੇ ਸ਼ਨਿਚਰਵਾਰ ਨੂੰ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ 18 ਅਗਸਤ, 2020 ਨੂੰ ਗਿਲਗਿਤ-ਬਾਲਤਿਸਤਾਨ ਵਿਧਾਨਕ ਅਸੈਂਬਲੀ ਲਈ ਜਨਰਲ ਚੋਣ ਕਰਵਾਏ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗਿਲਗਿਤ-ਬਾਲਤਿਸਤਾਨ ਚੋਣ ਕਮਿਸ਼ਨ 24 ਹਲਕਿਆਂ 'ਚ ਚੋਣ ਕਰਵਾਏਗਾ। ਗਿਲਗਿਤ-ਬਾਲਤਿਸਤਾਨ ਦਾ 2018 ਦਾ ਆਦੇਸ਼ ਪ੍ਰਸ਼ਾਸਨਿਕ ਤਬਦੀਲੀਆਂ ਦੀ ਇਜਾਜ਼ਤ ਦਿੰਦਾ ਹੈ ਜਿਸ ਤਹਿਤ ਸਾਰੀਆਂ ਸ਼ਕਤੀਆਂ ਪ੍ਰਧਾਨ ਮੰਤਰੀ ਨੂੰ ਦਿੱਤੀਆਂ ਗਈਆਂ ਸਨ।

ਭਾਰਤ ਨੇ ਪਿਛਲੇ ਮਹੀਨੇ ਪਾਕਿਸਤਾਨ ਦੇ ਦਿੱਲੀ ਸਥਿਤ ਸੀਨੀਅਰ ਡਿਪਲੋਮੈਟ ਨੂੰ ਬੁਲਾ ਕੇ ਗਿਲਗਿਤ-ਬਾਲਤਿਸਤਾਨ ਬਾਰੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ। ਭਾਰਤ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜੰਮੂ-ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਤਹਿਤ ਗਿਲਗਿਤ-ਬਾਲਤਿਸਤਾਨ ਵੀ ਭਾਰਤ ਦਾ ਅਟੁੱਟ ਅੰਗ ਹੈ ਤੇ ਪਾਕਿਸਤਾਨ ਨੇ ਉਸ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਦੱਸਣਯੋਗ ਹੈ ਕਿ ਗਿਲਗਿਤ-ਬਾਲਤਿਸਤਾਨ ਵਿਧਾਨਕ ਅਸੈਂਬਲੀ ਦੀ ਮਿਆਦ 24 ਜੂਨ ਨੂੰ ਖ਼ਤਮ ਹੋਣ ਪਿੱਛੋਂ ਇਸ ਨੂੰ ਭੰਗ ਕਰ ਦਿੱਤਾ ਗਿਆ ਹੈ। ਫੈਡਰਲ ਸਰਕਾਰ ਨੇ ਪੁਲਿਸ ਦੇ ਸਾਬਕਾ ਡਿਪਟੀ ਇੰਸਪੈਕਟਰ ਜਨਰਲ ਮੀਰ ਅਫਜ਼ਲ ਨੂੰ ਕੇਅਰਟੇਕਰ ਮੁੱਖ ਮੰਤਰੀ ਨਿਯੁਕਤ ਕੀਤਾ ਹੈ।