ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਐਲਾਨ ਕੀਤਾ ਹੈ ਕਿ ਗਿਲਗਿਤ-ਬਾਲਤਿਸਤਾਨ 'ਚ ਅਸੈਂਬਲੀ ਚੋਣ 15 ਨਵੰਬਰ ਨੂੰ ਹੋਵੇਗੀ। ਭਾਰਤ ਇਸ ਇਲਾਕੇ ਨੂੰ ਆਪਣਾ ਮੰਨਦਾ ਹੈ ਤੇ ਉਸ ਨੇ ਇੱਥੇ ਚੋਣ ਕਰਵਾਉਣ ਨੂੰ ਲੈ ਕੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਭਾਰਤ ਹਮੇਸ਼ਾ ਕਹਿੰਦਾ ਆਇਆ ਹੈ ਕਿ ਪਾਕਿਸਤਾਨ ਨੇ ਇਸ ਇਲਾਕੇ 'ਤੇ ਜਬਰੀ ਕਬਜ਼ਾ ਕੀਤਾ ਹੋਇਆ ਹੈ।

ਰਾਸ਼ਟਰਪਤੀ ਅਲਵੀ ਨੇ ਇਲੈਕਸ਼ਨ ਐਕਟ 2017 ਦੀ ਧਾਰਾ 57(1) ਤਹਿਤ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਗਿਲਗਿਤ-ਬਾਲਤਿਸਤਾਨ ਲਈ ਚੋਣ ਦੀ ਤਰੀਕ 15 ਨਵੰਬਰ ਤੈਅ ਕਰ ਦਿੱਤੀ। ਗਿਲਗਿਤ-ਬਾਲਤਿਸਤਾਨ ਵਿਚ ਪਹਿਲੇ ਚੋਣ 18 ਅਗਸਤ ਨੂੰ ਹੋਣੀ ਸੀ ਪ੍ਰੰਤੂ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕੋਰੋਨਾ ਮਹਾਮਾਰੀ ਦਾ ਹਵਾਲਾ ਦੇ ਕੇ 11 ਜੁਲਾਈ ਨੂੰ ਇਸ ਨੂੰ ਅੱਗੇ ਪਾ ਦਿੱਤਾ ਸੀ। ਵਿਧਾਨ ਸਭਾ ਦੀਆਂ 24 ਸੀਟਾਂ ਲਈ ਚੋਣ ਹੋਵੇਗੀ। ਪਿਛਲੀ ਵਿਧਾਨ ਸਭਾ ਦੀ ਮਿਆਦ 24 ਜੂਨ ਨੂੰ ਖ਼ਤਮ ਹੋ ਗਈ ਸੀ ਜਿਸ ਨਾਲ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਦਾ ਪੰਜ ਸਾਲ ਦਾ ਸ਼ਾਸਨ ਕਾਲ ਖ਼ਤਮ ਹੋ ਗਿਆ ਸੀ। ਵੈਸੇ ਵਿਧਾਨ ਸਭਾ ਦੀਆਂ 33 ਸੀਟਾਂ ਹਨ ਪ੍ਰੰਤੂ ਛੇ ਸੀਟਾਂ ਟੈਕਨੋਕ੍ਰੇਟਾਂ ਲਈ ਅਤੇ ਤਿੰਨ ਮਹਿਲਾਵਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਇਨ੍ਹਾਂ ਰਾਖਵੀਆਂ ਸੀਟਾਂ ਲਈ ਨਾਮਜ਼ਦਗੀ ਪਾਰਟੀਆਂ ਵੱਲੋਂ ਜਿੱਤੀਆਂ ਸੀਟਾਂ ਦੇ ਆਧਾਰ 'ਤੇ ਬਾਅਦ ਵਿਚ ਕੀਤੀ ਜਾਵੇਗੀ। ਗਿਲਗਿਤ-ਬਾਲਤਿਸਤਾਨ ਨੂੰ ਪੂਰੇ ਰਾਜ ਦਾ ਦਰਜਾ ਦੇਣ ਬਾਰੇ ਵਿਚਾਰਾਂ ਪਿੱਛੋਂ ਇਹ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਵਿਚਾਰਾਂ ਵਿਰੋਧੀ ਧਿਰ ਦੇ ਆਗੂਆਂ ਦੀ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ 16 ਸਤੰਬਰ ਨੂੰ ਹੋਈ ਮੀਟਿੰਗ ਵਿਚ ਕੀਤੀਆਂ ਗਈਆਂ ਸਨ।